ਮਾਡਲ ਦਿਵਿਆ ਪਾਹੂਜਾ ਦਾ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ, ਪੋਸਟਮਾਰਟਮ 'ਚ ਹੋਇਆ ਵੱਡਾ ਖੁਲਾਸਾ
Monday, Jan 15, 2024 - 02:14 PM (IST)

ਗੁਰੂਗ੍ਰਾਮ : ਮਾਡਲ ਦਿਵਿਆ ਪਾਹੂਜਾ ਦੇ ਕਤਲ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਨਵੀਂ ਅਪਡੇਟ ਮੁਤਾਬਿਕ ਮਾਡਲ ਦਿਵਿਆ ਪਹੂਜਾ ਦਾ ਕਤਲ ਪੂਰੀ ਯੋਜਨਾਬੰਦੀ ਨਾਲ ਕੀਤਾ ਗਿਆ ਸੀ। ਮੁਲਜ਼ਮ ਅਭਿਜੀਤ ਵੱਲੋਂ ਹਮੇਸ਼ਾ ਬੁੱਕ ਕੀਤੇ ਕਮਰੇ ਨੰਬਰ 114 ਦੀ ਬਜਾਏ ਕਮਰਾ ਨੰਬਰ 111 ਵਿੱਚ ਰਹਿਣ ਤੋਂ ਲੈ ਕੇ ਲਾਸ਼ ਨੂੰ ਨਹਿਰ ਵਿੱਚ ਸੁੱਟਣ ਤੱਕ, ਸਪੱਸ਼ਟ ਹੈ ਕਿ ਮੁਲਜ਼ਮਾਂ ਨੇ ਇਸ ਬਾਰੇ ਪਹਿਲਾਂ ਹੀ ਯੋਜਨਾ ਬਣਾਈ ਹੋਈ ਸੀ। ਜਦਕਿ ਦੋਸ਼ੀ ਬਲਰਾਜ ਗਿੱਲ ਨੂੰ ਕੋਲਕਾਤਾ ਤੋਂ ਗ੍ਰਿਫਤਾਰ ਕਰਕੇ ਟਰਾਂਜ਼ਿਟ ਰਿਮਾਂਡ 'ਤੇ ਗੁਰੂਗ੍ਰਾਮ ਲਿਆਂਦਾ ਗਿਆ। ਬਲਰਾਜ ਗਿੱਲ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਪੁਲਿਸ ਨੇ ਪੁੱਛਗਿੱਛ ਲਈ ਉਸ ਨੂੰ ਚਾਰ ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਮੁੱਖ ਦੋਸ਼ੀ ਅਭਿਜੀਤ ਦਾ ਵੀ ਮੁੜ ਰਿਮਾਂਡ ਖਤਮ ਹੋ ਚੁੱਕਾ ਹੈ।
ਪੋਸਟਮਾਰਟਮ 'ਚ ਹੋਇਆ ਖੁਲਾਸਾ
ਦੂਜੇ ਪਾਸੇ ਐਤਵਾਰ ਨੂੰ ਮੈਡਿਕਲ ਕਾਲਜ ਅਗ੍ਰੋਹਾ 'ਚ ਚਾਰ ਡਾਕਟਰਾਂ ਦੇ ਬੋਰਡ ਨੇ ਦਿਵਿਆ ਪਹੂਜਾ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਪੋਸਟਮਾਰਟਮ ਤੋਂ ਬਾਅਦ ਦਿਵਿਆ ਪਹੂਜਾ ਦੇ ਕਤਲ ਕੇਸ 'ਚ ਵੱਡਾ ਖੁਲਾਸਾ ਹੋਇਆ ਹੈ। ਪੋਸਟਮਾਰਟਮ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਮਾਡਲ ਦਾ ਕਤਲ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰੀ ਗਈ ਹੈ। ਡਾਕਟਰਾਂ ਦੀ ਟੀਮ ਨੂੰ ਦਿਵਿਆ ਦੇ ਸਿਰ 'ਚ ਇਕ ਗੋਲੀ ਮਿਲੀ ਹੈ, ਜਿਸ ਨੂੰ ਜਾਂਚ ਲਈ ਲੈਬ ਭੇਜਿਆ ਜਾਵੇਗਾ। ਪੋਸਟਮਾਰਟਮ ਅਤੇ ਪੁਲਿਸ ਦੀ ਕਾਰਵਾਈ ਤੋਂ ਬਾਅਦ ਦਿਵਿਆ ਦੀ ਮ੍ਰਿਤਕ ਦੇਹ ਉਸਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਉਹ ਮ੍ਰਿਤਕ ਦੇਹ ਨੂੰ ਗੁਰੂਗ੍ਰਾਮ ਲੈ ਗਏ ਹਨ, ਜਿੱਥੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਹ ਹਨ ਉਹ ਗੱਲਾਂ ਜੋ ਸਾਜ਼ਿਸ਼ ਵੱਲ ਕਰ ਰਹੇ ਨੇ ਇਸ਼ਾਰਾ
1) ਅਭਿਜੀਤ ਲਈ ਹਮੇਸ਼ਾ ਹੋਟਲ ਦਾ ਕਮਰਾ ਨੰ 114 ਬੁੱਕ ਰਹਿੰਦਾ ਸੀ ਪਰ ਕਤਲ ਵਾਲੇ ਦਿਨ ਉਹ ਕਮਰਾ ਨੰ 111 ਵਿਚ ਠਹਿਰਿਆ ਸੀ। ਇਹੀ ਕਾਰਨ ਸੀ ਕਿ ਕਤਲ ਦੀ ਸੂਚਨਾ ਤੋਂ ਬਾਅਦ ਪੁਲਿਸ ਕਮਰਾ ਨੰ 114 ਵਿਚ ਲਾਸ਼ ਦੀ ਤਲਾਸ਼ ਕਰ ਵਾਪਿਸ ਪਰਤ ਗਈ।
2) ਦਿਵਿਆ ਦੀ ਕਤਲ ਦੌਰਾਨ ਅਭਿਜੀਤ ਕੋਲ 50 ਲੱਖ ਰੁਪਏ ਕੈਸ਼ ਸੀ, ਉਸ ਕੋਲ ਇਹ ਕੈਸ਼ ਕਿਥੋਂ ਆਇਆ?
3) ਕਤਲ ਤੋਂ ਬਾਅਦ ਦਿਵਿਆ ਦੀ ਲਾਸ਼ ਨੂੰ ਹੋਟਲ ਤੋਂ ਬਾਹਰ ਕੱਢਣ ਲਈ ਅਭਿਜੀਤ ਨੇ ਕਿਸੇ ਬਾਹਰੀ ਵਿਅਕਤੀ ਦੀ ਮਦਦ ਨਹੀਂ ਲਈ, ਸਗੋਂ ਉਸ ਨੇ ਹੋਟਲ ਦੇ ਹੀ ਨੋਕਰ ਨੂੰ ਇਸ ਕੰਮ ਲਈ ਚੁਣਿਆ।
4) ਬਲਰਾਜ ਗਿੱਲ ਅਤੇ ਰਵੀ ਬੰਗਾ ਬੀਐਮਡਬਲਯੂ ਕਾਰ ਵਿੱਚ ਦਿਵਿਆ ਦੀ ਮ੍ਰਿਤਕ ਦੇਹ ਨੂੰ ਲੈ ਕੇ ਰਵਾਨਾ ਹੋਏ। ਜਿਸ ਤੋਂ ਬਾਅਦ ਉਨ੍ਹਾਂ ਨੇ ਲਾਸ਼ ਨੂੰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ।