ਯਮੁਨਾ ''ਚ ਹਰਿਆਣਾ ਦੇ 113 ਕਾਰਖ਼ਾਨਿਆਂ ਦਾ ਗੰਦਾ ਪਾਣੀ ਜਾ ਰਿਹੈ: ਸ਼ੈਲਜਾ
Wednesday, Feb 26, 2025 - 05:09 PM (IST)

ਚੰਡੀਗੜ੍ਹ- ਕਾਂਗਰਸ ਦੀ ਜਨਰਲ ਸਕੱਤਰ ਅਤੇ ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਹਰਿਆਣਾ ਦੀ ਭਾਜਪਾ ਸਰਕਾਰ ਦੀ ਬੇਰੁਖ਼ੀ ਕਾਰਨ ਯਮੁਨਾ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਸੂਬੇ ਦੀਆਂ ਕਰੀਬ 113 ਫੈਕਟਰੀਆਂ ਦਾ ਕੈਮੀਕਲ ਨਾਲ ਭਰਿਆ ਗੰਦਾ ਪਾਣੀ ਬਿਨਾਂ ਟਰੀਟ ਕੀਤੇ ਇਸ ਨਦੀ 'ਚ ਛੱਡਿਆ ਜਾ ਰਿਹਾ ਹੈ। ਕੁਮਾਰੀ ਸ਼ੈਲਜਾ ਨੇ ਇਥੇ ਜਾਰੀ ਇਕ ਬਿਆਨ 'ਚ ਕਿਹਾ ਕਿ ਹਾਲ ਹੀ 'ਚ ਹਰਿਆਣਾ ਸੂਬਾ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਇਕ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਉਦਯੋਗਿਕ ਖੇਤਰ 'ਚ ਫੈਕਟਰੀਆਂ ਦੇ ਗੰਦੇ ਪਾਣੀ ਦੇ ਟਰੀਟਮੈਂਟ ਪਲਾਂਟਾਂ 'ਚੋਂ ਨਿਕਲਣ ਵਾਲੇ ਪਾਣੀ ਦੀ ਜਾਂਚ 'ਚ ਬੇਨਿਯਮੀਆਂ ਪਾਈਆਂ ਗਈਆਂ ਹਨ।
ਯਾਨੀ ਹਰਿਆਣਾ 'ਚ ਯਮੁਨਾ ਨਦੀ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ। ਸੂਬੇ ਦੀਆਂ 113 ਫੈਕਟਰੀਆਂ ਦਾ ਗੰਦਾ ਪਾਣੀ ਸਿੱਧਾ ਯਮੁਨਾ 'ਚ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯਮੁਨਾਨਗਰ, ਸੋਨੀਪਤ ਅਤੇ ਪਾਨੀਪਤ 'ਚ ਉਦਯੋਗਿਕ ਖੇਤਰਾਂ 'ਚ ਚੱਲ ਰਹੀਆਂ ਫੈਕਟਰੀਆਂ ਦਾ ਗੰਦਾ ਪਾਣੀ ਸਿੱਧਾ ਯਮੁਨਾ ਵਿਚ ਆ ਰਿਹਾ ਹੈ। ਹਥਨੀ ਕੁੰਡ ਬੈਰਾਜ ਤੋਂ ਨਿਕਲਣ ਵਾਲੀ ਯਮੁਨਾ ਨਦੀ ਪਹਿਲਾਂ ਯਮੁਨਾਨਗਰ ਵਿਚ ਦਾਖਲ ਹੁੰਦੀ ਹੈ, ਬਾਅਦ ਵਿਚ ਕਰਨਾਲ, ਪਾਨੀਪਤ, ਸੋਨੀਪਤ ਅਤੇ ਫਰੀਦਾਬਾਦ 'ਚੋਂ ਲੰਘਦੀ ਹੈ। ਇਸ ਨਦੀ ਦੀ ਕੁੱਲ ਲੰਬਾਈ 1317 ਕਿਲੋਮੀਟਰ ਹੈ, ਜਦੋਂ ਕਿ ਹਰਿਆਣਾ ਵਿਚ ਕੁੱਲ ਲੰਬਾਈ 320 ਕਿਲੋਮੀਟਰ ਹੈ। ਇਹ ਯਮੁਨਾਨਗਰ ਵਿਚ 65 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ।
ਸ਼ੈਲਜਾ ਨੇ ਕਿਹਾ ਕਿ ਯਮੁਨਾ ਨਦੀ ਦੇ ਪਾਣੀ ਦੇ ਪ੍ਰਦੂਸ਼ਿਤ ਹੋਣ ਕਾਰਨ ਲੋਕਾਂ ਦੀ ਧਾਰਮਿਕ ਆਸਥਾ ਨੂੰ ਵੀ ਠੇਸ ਪਹੁੰਚ ਰਹੀ ਹੈ। ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਸਰਕਾਰ ਉਦਯੋਗਿਕ ਇਕਾਈਆਂ 'ਚੋਂ ਨਿਕਲਣ ਵਾਲੇ ਕੈਮੀਕਲ ਯੁਕਤ ਪਾਣੀ ਅਤੇ ਸੀਵਰੇਜ ਦੇ ਵਹਾਅ ਨੂੰ ਰੋਕਣ ਦੇ ਹੁਕਮ ਤਾਂ ਦਿੰਦੀ ਹੈ, ਪਰ ਲਾਗੂ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਭਾਰੀ ਧਾਤਾਂ (ਉਦਯੋਗਾਂ ਦਾ ਦੂਸ਼ਿਤ ਪਾਣੀ) ਕੈਂਸਰ, ਦਿਮਾਗੀ ਵਿਕਾਸ, ਗੁਰਦੇ ਫੇਲ੍ਹ ਹੋਣ, ਫੇਫੜੇ ਅਤੇ ਹੋਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਗਰੀਬਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਦਾ ਅਧਿਕਾਰ ਨਹੀਂ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਯਮੁਨਾ ਨਦੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਅਜਿਹੇ ਫੈਕਟਰੀ ਸੰਚਾਲਕਾਂ ਖਿਲਾਫ ਕਾਰਵਾਈ ਕੀਤੀ ਜਾਵੇ।