ਭਾਰਤ ਦਾ ਡਿਜੀਟਲ ਬੁਨਿਆਦੀ ਢਾਂਚਾ ਸੁਰੱਖਿਅਤ, ਦੁਨੀਆ ਨਾਲ ਸਾਂਝਾ ਕਰਨ ਲਈ ਤਿਆਰ : ਮੋਦੀ
Monday, Aug 21, 2023 - 12:03 PM (IST)
ਬੈਂਗਲੂਰੂ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਹੱਲਾਂ ਲਈ ਇਕ ਆਦਰਸ਼ ਪ੍ਰੀਖਣ ਪ੍ਰਯੋਗਸ਼ਾਲਾ ਹੈ ਅਤੇ ਜੋ ਉਪਾਅ ਦੇਸ਼ ਵਿਚ ਸਫਲ ਸਾਬਿਤ ਹੁੰਦੇ ਹਨ, ਉਨ੍ਹਾਂ ਨੂੰ ਕਿਤੇ ਵੀ ਆਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਡਿਜੀਟਲ ਜਨਤਕ ਬੁਨੀਆਦੀ ਢਾਂਚਾ ਸੰਸਾਰਕ ਚੁਣੌਤੀਆਂ ਨਾਲ ਨਜਿੱਠਣ ਲਈ ਇਕ ਸੁਰੱਖਿਅਤ ਹੱਲ ਪੇਸ਼ ਕਰਦਾ ਹੈ।
ਬੈਂਗਲੂਰੂ ’ਚ ਜੀ-20 ਡਿਜੀਟਲ ਆਰਥਿਕਤਾ ਮੰਤਰੀ ਪੱਧਰੀ ਬੈਠਕ ਨੂੰ ਆਨਲਾਈਨ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਿਕ ਭਾਰਤ ਦੁਨੀਆ ਨਾਲ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਤਿਆਰ ਹੈ। ਮੋਦੀ ਨੇ ਕਿਹਾ ਕਿ ਕੋਈ ਪਿੱਛੇ ਨਾ ਹਟੇ, ਇਹ ਯਕੀਨੀ ਬਣਾਉਣ ਲਈ ਦੇਸ਼ ਨੇ ਆਨਲਾਈਨ ਏਕੀਕ੍ਰਿਤ ਡਿਜੀਟਲ ਬੁਨੀਆਦੀ ਢਾਂਚਾ ‘ਇੰਡੀਆ ਸਟੈਕਸ’ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਮੀਟਿੰਗ ਵਿਚ ਮੌਜੂਦ ਭਾਗੀਦਾਰਾਂ ਨਾਲ ਡਿਜੀਟਲ ਹੁਨਰ ਸਬੰਧੀ ਇਕ ਆਨਲਾਈਨ ਸੈਂਟਰ ਸਥਾਪਤ ਕਰਨ ਦੀ ਕੋਸ਼ਿਸ਼ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਇਕ ਸੁਰੱਖਿਅਤ, ਭਰੋਸੇਮੰਦ ਅਤੇ ਲਚਕੀਲੇ ਡਿਜੀਟਲ ਅਰਥਚਾਰੇ ਲਈ ਜੀ-20 ਉੱਚ-ਪੱਧਰੀ ਸਿਧਾਂਤਾਂ ’ਤੇ ਸਹਿਮਤੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ, ਜਦੋਂ ਕਿ ਡਿਜੀਟਲ ਅਰਥਚਾਰੇ ਦੇ ਵਧਣ ਦੇ ਨਾਲ-ਨਾਲ ਜੀ-20 ਦੇ ਡੈਲੀਗੇਟਾਂ ਨੂੰ ਦਰਪੇਸ਼ ਸੁਰੱਖਿਆ ਚੁਣੌਤੀਆਂ ਪ੍ਰਤੀ ਸੁਚੇਤ ਕੀਤਾ। ਡਿਜੀਟਲ ਅਰਥਚਾਰੇ ਦੇ ਮੋਰਚੇ ’ਤੇ ਭਾਰਤ ਸਰਕਾਰ ਵਲੋਂ ਕੀਤੇ ਗਏ ਪ੍ਰਯੋਗਾਂ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਧਨ ਖਾਤਿਆਂ, ਆਧਾਰ ਅਤੇ ਮੋਬਾਈਲ ਫੋਨਾਂ ਨੇ ਵਿੱਤੀ ਲੈਣ-ਦੇਣ ਵਿਚ ਕ੍ਰਾਂਤੀ ਲਿਆ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ-20 ਵਿਚ ਸਾਡੇ ਕੋਲ ਇਕ ਸਮਾਵੇਸ਼ੀ, ਖੁਸ਼ਹਾਲ ਅਤੇ ਸੁਰੱਖਿਅਤ ਸੰਸਾਰਕ ਡਿਜੀਟਲ ਭਵਿੱਖ ਦੀ ਨੀਂਹ ਰੱਖਣ ਦਾ ਇਕ ਅਨੋਖਾ ਮੌਕਾ ਹੈ। ਅਸੀਂ ਡਿਜੀਟਲ ਜਨਤਕ ਬੁਨੀਆਦੀ ਢਾਂਚੇ ਰਾਹੀਂ ਉਤਪਾਦਕਤਾ ਨੂੰ ਸ਼ਾਮਲ ਕਰ ਸਕਦੇ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਤਿਆਰ ਹੋ ਰਿਹਾ ਭਾਸ਼ਾ ਅਨੁਵਾਦ ਮੰਚ ‘ਭਾਸ਼ਿਨੀ’
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਭਾਸ਼ਾ ਅਨੁਵਾਦ ਮੰਚ ‘ਭਾਸ਼ਿਨੀ’ ਤਿਆਰ ਕਰ ਰਹੇ ਹਾਂ, ਇਹ ਭਾਰਤ ਵੀ ਵੱਖ-ਵੱਖ ਭਾਸ਼ਾਵਾਂ ਦੀ ਡਿਜੀਟਲ ਸ਼ਮੂਲੀਅਤ ਨੂੰ ਸਹਿਯੋਗ ਦੇਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਕ ਵੰਨ-ਸੁਵੰਨਤਾ ਵਾਲਾ ਦੇਸ਼ ਹੈ। ਸਾਡੀਆਂ ਦਰਜਨਾਂ ਭਾਸ਼ਾਵਾਂ ਅਤੇ ਸੈਂਕੜੇ ਬੋਲੀਆਂ ਹਨ। ਇਥੇ ਦੁਨੀਆ ਦੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਅਣਗਿਣਤ ਸੱਭਿਆਚਾਰਕ ਪ੍ਰਥਾਵਾਂ ਦੀ ਪਾਲਣਾ ਹੁੰਦੀ ਹੈ। ਭਾਰਤ ਵਿਚ ਪ੍ਰਾਚੀਨ ਰਵਾਇਤਾਂ ਤੋਂ ਲੈ ਕੇ ਆਧੁਨਿਕ ਤਕਨਾਲੋਜੀ ਤੱਕ, ਹਰ ਕਿਸੇ ਲਈ ਕੁਝ ਨਾ ਕੁਝ ਹੈ।
ਉਮੀਦ ਦੀ ਕਿਰਨ ਬਣ ਕੇ ਚਮਕ ਰਹੀ ਭਾਰਤੀ ਅਰਥਵਿਵਸਥਾ
ਬਾਜ਼ਾਰ ਅਤੇ ਵਿੱਤੀ ਖਬਰਾਂ ਦੇ ਸਮਾਚਾਰ ਪੋਰਟਲ ਨੇ ਆਪਣੇ ‘ਬੁਲਿਸ਼ ਆਨ ਇੰਡੀਆ’ ਮੁਹਿੰਮ ਦੀ ਇਕ ਪੋਸਟ ’ਚ ਕਿਹਾ,‘ਭਾਰਤ ਦੀ ਅਰਥਵਿਵਸਥਾ ਨੇ ਨਾ ਸਿਰਫ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਸਗੋਂ ਆਸ਼ਾਵਾਦ ਲਈ ਮੰਚ ਤਿਆਰ ਕਰਦੇ ਹੋਏ ਵਧੀ-ਫੁੱਲੀ ਵੀ ਹੈ।’ ਇਸ ਪੋਸਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,‘ਚੁਣੌਤੀਪੂਰਨ ਸਮੇਂ ’ਚ ਭਾਰਤੀ ਅਰਥਵਿਵਸਥਾ ਉਮੀਦ ਦੀ ਕਿਰਨ ਬਣ ਕੇ ਚਮਕ ਰਹੀ ਹੈ। ਆਓ ਇਸ ਗਤੀ ਨੂੰ ਬਣਾਏ ਰੱਖੀਏ ਅਤੇ 140 ਕਰੋੜ ਭਾਰਤੀਆਂ ਲਈ ਖੁਸ਼ਹਾਲੀ ਯਕੀਨੀ ਕਰੀਏ।’