ਭਾਰਤ ਸਰਕਾਰ ਨੇ ਲਾਂਚ ਕੀਤਾ ਡਿਜੀਟਲ ਕਲੰਡਰ ਤੇ ਡਾਇਰੀ ਐਪ
Saturday, Jan 09, 2021 - 11:15 AM (IST)
ਨਵੀਂ ਦਿੱਲੀ– ਭਾਰਤ ਸਰਕਾਰ ਦਾ ਡਿਜੀਟਲ ਕਲੰਡਰ ਅਤੇ ਡਾਇਰੀ ਐਪ ਲਾਂਚ ਹੋ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸਰਕਾਰੀ ਕਲੰਡਰ ਅਤੇ ਡਾਇਰੀ ਨੂੰ ਡਿਜੀਟਲ ਰੂਪ ’ਚ ਪੇਸ਼ ਕੀਤਾ ਗਿਆ ਹੈ। ਡਿਜੀਟਲ ਕਲੰਡਰ ਅਤੇ ਡਾਇਰੀ ਦੀ ਲਾਂਚਿੰਗ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੀਤੀ ਹੈ। ਡਿਜੀਟਲ ਕਲੰਡਰ ਅਤੇ ਡਾਇਰੀ ਐਪ ਨੂੰ ਫਿਲਹਾਲ ਹਿੰਦੀ ਅਤੇ ਅੰਗਰੇਜੀ ’ਚ ਉਪਲੱਬਧ ਕਰਵਾਇਆ ਗਿਆ ਹੈ। ਜਲਦ ਹੀ ਇਸ ਨੂੰ ਹੋਰ 15 ਭਾਸ਼ਾਵਾਂ ’ਚ ਲਾਂਚ ਕੀਤਾ ਜਾਵੇਗਾ। ਕਲੰਡਰ ਅਤੇ ਡਾਇਰੀ ਦੀ ਥੀਮ ਹਰ ਮਹੀਨੇ ਬਦਲ ਜਾਵੇਗੀ।
5 ਕਰੋੜ ਰੁਪਏ ਬਚਣਗੇ : ਮੰਤਰਾਲੇ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸ਼ੁੱਕਰਵਾਰ ਨੂੰ 2021 ਲਈ ਡਿਜੀਟਲ ਕਲੰਡਰ ਅਤੇ ਡਾਇਰੀ ਦੀ ਸ਼ੁਰੂਆਤ ਕਰਕੇ ਦੱਸਿਆ ਕਿ ਇਸ ਨਾਲ ਕਲੰਡਰ ਦੀ ਛਪਾਈ ’ਤੇ ਆਉਣ ਵਾਲੇ ਖਰਚ ’ਚ ਕਰੀਬ 5 ਕਰੋੜ ਰੁਪਏ ਦੀ ਬਚਤ ਹੋਵੇਗੀ।
ਨੈਸ਼ਨਲ ਮੀਡੀਆ ਸੈਂਟਰ ’ਚ ਐਪ ਦੀ ਸ਼ੁਰੂਆਤ ਕੀਤੀ ਗਈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਕ ਬਟਨ ਦਬਾ ਕੇ ਕਲੰਡਰ ਅਤੇ ਡਾਇਰੀ ਲਈ ਐਂਡਰਾਇਡ ਅਤੇ ਆਈ.ਓ.ਐੱਸ. ਐਪ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਹਰ ਸਾਲ ਅਸੀਂ 11 ਲੱਖ ਕਲੰਡਰ ਅਤੇ 90,000 ਡਾਇਰੀਆਂ ਛਪਵਾਉਂਦੇ ਹਾਂ ਪਰ ਇਸ ਸਾਲ ਇਹ ਡਿਜੀਟਲ ਰੂਪ ’ਚ ਹੈ।
ਮਹਾਪੁਰਸ਼ਾਂ ਦਾ ਹੋਵੇਗਾ ਜ਼ਿਕਰ
ਪੱਤਰ ਸੂਚਨਾ ਦਫਤਰ (ਪੀ.ਆਈ.ਪੀ.) ਦੇ ਮੁਖੀ ਕੇ.ਐੱਸ. ਧਤਵਾਲੀਆ ਨੇ ਦੱਸਿਆ ਕਿ ਪਿਛਲੇ ਸਾਲ ਕਲੰਡਰ ਅਤੇ ਡਾਇਰੀ ਛਪਵਾਉਣ ’ਚ 7 ਕਰੋੜ ਰੁਪਏ ਖਰਚ ਹੋਏ ਸਨ ਪਰ ਇਸ ਵਾਰ ਡਿਜੀਟਲ ਰੂਪ ’ਚ ਹੋਣ ਕਾਰਨ ਮੰਤਰਾਲੇ ਨੂੰ ਕਰੀਬ ਦੋ ਕਰੋੜ ਦੀ ਲਾਗਤ ਆਈ। ਇਸ ਮੌਕੇ ਜਾਵਡੇਕਰ ਨੇ ਖੁਸੀ ਜਤਾਈ ਕਿ ਕੰਧਾਂ ’ਤੇ ਲਗਾਇਆ ਜਾਣ ਵਾਲਾ ਕਲੰਡਰ ਹੁਣ ਮੋਬਾਇਲ ਫੋਨ ’ਚ ਉਪਲੱਬਧ ਹੋਵੇਗਾ।
Delhi: Information & Broadcasting Minister Prakash Javadekar launches Digital Calendar & Diary App of Government of India. pic.twitter.com/voTGPdlFk8
— ANI (@ANI) January 8, 2021
ਜਾਵਡੇਕਰ ਨੇ ਕਿਹਾ ਕਿ ਐਪ ਹਰ ਸਾਲ ਨਵੇਂ ਕਲੰਡਰ ਦੀ ਜ਼ਰੂਰਤ ਪੂਰੀ ਕਰੇਗਾ। ਹਰ ਮਹੀਨੇ ਦਾ ਇਕ ਵਿਸ਼ਾ ਤੈਅ ਹੋਵੇਗਾ ਅਤੇ ਉਸ ਵਿਚ ਸੰਦੇਸ਼ ਦਿੱਤੇ ਜਾਣਗੇ ਅਤੇ ਇਕ ਮਹਾਪੁਰਸ਼ ਦਾ ਜ਼ਿਕਰ ਹੋਵੇਗਾ। ਐਪ ਲੋਕਾਂ ਨੂੰ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ਦੀ ਸ਼ੁਰੂਆਤ ਦੀ ਟਾਈਮਲਾਈਨ ਬਾਰੇ ਵੀ ਦੱਸੇਗਾ।
15 ਜਨਵਰੀ ਤੋਂ 11 ਭਾਸ਼ਾਵਾਂ ’ਚ ਉਪਲੱਬਧ ਹੋਵੇਗਾ
ਐਪ ਦੀ ਡਾਇਰੀ ਬਾਰੇ ਉਨ੍ਹਾਂ ਕਿਹਾ ਕਿ ਡਾਇਰੀ ਕਾਰਨ ਕਲੰਡਰ ’ਚ ਹੋਰ ਖਾਸੀਅਤਾਂ ਜੁੜ ਗਈਆਂ ਹਨ। ਦੂਜੇ ਡਿਜੀਟਲ ਕਲੰਡਰ ਐਪ ਦੇ ਮੁਕਾਬਲੇ ਇਸ ਵਿਚ ਜ਼ਿਆਦਾ ਵਿਸ਼ੇਸ਼ਤਾਵਾਂ ਹਨ ਅਤੇ ਇਹ ਇਸਤੇਮਾਲ ਕਰਨ ’ਚ ਵੀ ਆਸਾਨ ਹੈ। ਉਨ੍ਹਾਂ ਕਿਹਾ ਕਿ ‘ਜੀ.ਓ.ਆਈ. ਕਲੰਡਰ’ ਐਪ ਮੁਫ਼ਤ ਹੈ ਅਤੇ ਇਹ 15 ਜਨਵਰੀ ਤੋਂ 11 ਭਾਸ਼ਾਵਾਂ ’ਚ ਉਪਲੱਬਧ ਹੋਵੇਗਾ।