ਡਾਕਟਰ ਨਾਲ 7,17,00,000 ਦੀ ਕੀਤੀ ਠੱਗੀ ! ਡਰਾ-ਧਮਕਾ ਕੇ ਕੀਤਾ Digital Arrest
Saturday, Oct 18, 2025 - 12:12 PM (IST)

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਅਹਿਲਿਆਨਗਰ ਜ਼ਿਲ੍ਹੇ 'ਚ 'ਡਿਜੀਟਲ ਗ੍ਰਿਫ਼ਤਾਰੀ' (Digital Arrest) ਦੇ ਨਾਮ 'ਤੇ ਸਾਈਬਰ ਠੱਗੀ ਦਾ ਇੱਕ ਹੈਰਾਨ ਕਰਨ ਵਾਲਾ ਅਤੇ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸ਼੍ਰੀਰਾਮਪੁਰ ਤਹਿਸੀਲ ਦੇ ਇੱਕ ਸੀਨੀਅਰ ਡਾਕਟਰ ਨੂੰ ਫਰਜ਼ੀ ਪੁਲਸ ਅਤੇ ED ਅਧਿਕਾਰੀਆਂ ਨੇ ਡਰਾ-ਧਮਕਾ ਕੇ 7 ਕਰੋੜ 17 ਲੱਖ 25 ਹਜ਼ਾਰ ਰੁਪਏ (7.17 ਕਰੋੜ) ਦੀ ਠੱਗੀ ਮਾਰੀ ਹੈ।
ਧੋਖਾਧੜੀ ਦਾ ਤਰੀਕਾ
ਜਾਣਕਾਰੀ ਅਨੁਸਾਰ ਇਹ ਘਟਨਾ 7 ਸਤੰਬਰ ਤੋਂ 10 ਅਕਤੂਬਰ ਦੇ ਵਿਚਕਾਰ ਵਾਪਰੀ। ਅਣਪਛਾਤੇ ਅਪਰਾਧੀਆਂ ਨੇ ਡਾਕਟਰ ਨਾਲ ਵਟਸਐਪ ਵੀਡੀਓ ਕਾਲ ਰਾਹੀਂ ਸੰਪਰਕ ਕੀਤਾ। ਕਾਲ ਕਰਨ ਵਾਲਿਆਂ ਨੇ ਖੁਦ ਨੂੰ ਦਿੱਲੀ ਪੁਲਸ, ਸੀਬੀਆਈ ਅਤੇ ਈਡੀ ਦੇ ਅਧਿਕਾਰੀ ਦੱਸਿਆ।
ਉਨ੍ਹਾਂ ਨੇ ਡਾਕਟਰ ਨੂੰ ਡਰਾਇਆ ਕਿ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਕਾਲਾ ਧਨ ਜਮ੍ਹਾਂ ਹੈ ਅਤੇ ਉਨ੍ਹਾਂ ਖਿਲਾਫ ਅਸ਼ਲੀਲ ਇਸ਼ਤਿਹਾਰਾਂ ਤੇ ਉਤਪੀੜਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਐਲਾਨ ਕੀਤਾ ਕਿ ਡਾਕਟਰ ਨੂੰ 'ਡਿਜੀਟਲ ਤੌਰ 'ਤੇ ਗ੍ਰਿਫ਼ਤਾਰ' ਕੀਤਾ ਗਿਆ ਹੈ। ਡਾਕਟਰ ਨੂੰ ਕਿਹਾ ਗਿਆ ਕਿ ਉਹ ਘਰ ਤੋਂ ਬਾਹਰ ਨਹੀਂ ਜਾ ਸਕਦੇ ਅਤੇ ਉਨ੍ਹਾਂ ਦੀ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਫਰਜ਼ੀ ਦਸਤਾਵੇਜ਼ਾਂ ਨਾਲ ਬਣਾਇਆ ਦਬਾਅ
ਅਪਰਾਧੀਆਂ ਨੇ ਡਾਕਟਰ ਨੂੰ ਹੋਰ ਡਰਾਉਣ ਲਈ ਫਰਜ਼ੀ ਕੋਰਟ ਨੋਟਿਸ, ਸੰਮਨ ਅਤੇ ਈਡੀ ਦੇ ਪਛਾਣ ਪੱਤਰ ਵਟਸਐਪ 'ਤੇ ਭੇਜੇ। ਉਨ੍ਹਾਂ ਨੇ ਡਾਕਟਰ ਨੂੰ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਸਹਿਯੋਗ ਨਾ ਕੀਤਾ ਤਾਂ ਉਨ੍ਹਾਂ ਦੇ ਬੱਚਿਆਂ ਦਾ ਕਰੀਅਰ ਬਰਬਾਦ ਕਰ ਦਿੱਤਾ ਜਾਵੇਗਾ ਅਤੇ ਹਸਪਤਾਲ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਇਸ ਮਾਨਸਿਕ ਦਬਾਅ ਅਤੇ ਡਰ ਦੇ ਮਾਹੌਲ ਵਿੱਚ, ਡਾਕਟਰ ਨੇ ਵੱਖ-ਵੱਖ ਖਾਤਿਆਂ ਵਿੱਚ ਕੁੱਲ 7.17 ਕਰੋੜ ਦੀ ਵੱਡੀ ਰਕਮ ਟ੍ਰਾਂਸਫਰ ਕਰ ਦਿੱਤੀ।
ਵਿਦੇਸ਼ੀ ਕਾਲ ਸੈਂਟਰਾਂ ਤੋਂ ਹੋਣ ਦਾ ਸ਼ੱਕ
ਸਾਈਬਰ ਪੁਲਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਠੱਗੀ ਗਈ ਰਕਮ ਪਹਿਲਾਂ ਵੱਖ-ਵੱਖ ਰਾਜਾਂ ਦੇ ਬੈਂਕ ਖਾਤਿਆਂ ਵਿੱਚ ਗਈ, ਜਿਨ੍ਹਾਂ ਨੂੰ 'ਮਿਊਲ ਅਕਾਉਂਟਸ' (Mule Accounts) ਵਜੋਂ ਵਰਤਿਆ ਗਿਆ। ਇਸ ਤੋਂ ਬਾਅਦ ਇਹ ਪੈਸਾ ਵਿਦੇਸ਼ਾਂ, ਖਾਸ ਕਰਕੇ ਲਾਓਸ, ਕੰਬੋਡੀਆ, ਦੁਬਈ ਅਤੇ ਹਾਂਗਕਾਂਗ ਵਿੱਚ ਭੇਜਿਆ ਗਿਆ। ਪੁਲ ਸ ਨੂੰ ਸ਼ੱਕ ਹੈ ਕਿ ਇਸ ਨੈੱਟਵਰਕ ਦਾ ਸੰਚਾਲਨ ਵਿਦੇਸ਼ੀ ਕਾਲ ਸੈਂਟਰਾਂ ਤੋਂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਾਲਾਂ ਅੰਤਰਰਾਸ਼ਟਰੀ IP ਐਡਰੈੱਸ ਤੋਂ ਕੀਤੀਆਂ ਗਈਆਂ ਸਨ। ਅਹਿਲਿਆਨਗਰ ਦੇ ਪੁਲਸ ਸੁਪਰਡੈਂਟ ਸੋਮਨਾਥ ਘਾਰਗੇ ਨੇ ਇਸਨੂੰ ਇੱਕ ਵੱਡਾ ਡਿਜੀਟਲ ਅਰੈਸਟ ਮਾਮਲਾ ਦੱਸਿਆ। ਪੁਲਸ ਨੇ ਕੁਝ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ ਤੇ ਸਾਈਬਰ ਫੋਰੈਂਸਿਕ ਟੀਮ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।