ਨਹੀਂ ਮਿਲੀ ਨੌਕਰੀ ਤਾਂ ਖੋਲ੍ਹਣੀ ਪਈ ਦੁਕਾਨ, ਨਾਂ ਰੱਖਿਆ ‘ਐੱਮ.ਏ. ਇੰਗਲਿਸ਼ ਚਾਯਵਾਲੀ’

11/07/2021 12:43:57 AM

ਕੋਲਕਾਤਾ - ਕੋਲਕਾਤਾ ਦੀ ਟੁਕਟੁਕੀ ਦਾਸ ਦੇ ਮਾਂ-ਪਿਓ ਦਾ ਸੁਪਨਾ ਸੀ ਕਿ ਉਨ੍ਹਾਂ ਦੀ ਬੇਟੀ ਬਹੁਤ ਪੜ੍ਹਾਈ ਕਰੇਗੀ ਤਾਂ ਇਕ ਦਿਨ ਚੰਗੀ ਅਧਿਆਪਕਾ ਜ਼ਰੂਰ ਬਣੇਗੀ। ਇਸਦੇ ਲਈ ਉਸਨੇ ਪੂਰੀ ਮਿਹਨਤ ਨਾਲ ਪੜ੍ਹਾਈ ਵੀ ਕੀਤੀ। ਪ੍ਰੀਖਿਆਵਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਇੰਗਲਿਸ਼ ਵਿਚ ਐੱਮ.ਏ. ਦੀ ਡਿਗਰੀ ਹਾਸਲ ਕੀਤੀ ਪਰ ਇਸ ਤੋਂ ਬਾਅਦ ਵੀ ਉਸ ਨੂੰ ਨੌਕਰੀ ਨਹੀਂ ਮਿਲੀ। ਉਸਨੇ ਕਈ ਪ੍ਰੀਖਿਆਵਾਂ ਦਿੱਤੀਆਂ। ਸਫਲ ਹੋਣ ਲਈ ਸਭ ਕੁਝ ਕੀਤਾ ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਅਜਿਹੇ ਵਿਚ ਐੱਮ.ਬੀ.ਏ. ਚਾਯਵਾਲਾ ਤੋਂ ਪ੍ਰੇਰਿਤ ਹੋ ਕੇ ਟੁਕਟੁਕੀ ਨੇ ਚਾਹ ਵੇਚਣੀ ਸ਼ੁਰੂ ਕੀਤੀ।

ਇਹ ਵੀ ਪੜ੍ਹੋ - ਜ਼ਹਿਰੀਲੀ ਸ਼ਰਾਬ ਨਾਲ ਮੌਤ ਦੁਖਦ, ਦੋਸ਼ੀਆਂ ਨੂੰ ਮਿਲੇ ਫ਼ਾਂਸੀ ਦੀ ਸਜ਼ਾ: ਸੁਸ਼ੀਲ

ਟੁਕਟੁਕੀ ਦੇ ਪਿਤਾ ਹਨ ਵੈਨ ਡਰਾਈਵਰ
ਟੁਕਟੁਕੀ ਦਾਸ ਨੇ ਉੱਤਰ 24 ਪਰਗਨਾ ਦੇ ਹਾਵੜਾ ਸਟੇਸ਼ਨ ਵਿਚ ਇਕ ਚਾਹ ਦੀ ਦੁਕਾਨ ਖੋਲ੍ਹੀ। ਉਸਨੇ ਦੁਕਾਨ ਦਾ ਨਾਂ ਰੱਖਿਆ ‘ਐੱਮ.ਏ. ਇੰਗਲਿਸ਼ ਚਾਯਵਾਲੀ।’ ਟੁਕਟੁਕੀ ਦੇ ਪਿਤਾ ਵੈਨ ਡਰਾਈਵਰ ਹਨ। ਉਸਦੀ ਮਾਂ ਦੀ ਗ੍ਰੋਸਰੀ ਦੀ ਛੋਟੀ ਦੁਕਾਨ ਹੈ। ਪਹਿਲਾਂ ਉਹ ਦੋਨੋਂ ਟੁਕਟੁਕੀ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਸਨ। ਇਸਦੇ ਬਾਵਜੂਦ ਟੁਕਟੁਕੀ ਨੇ ਇਸ ਪਲਾਨ ਨੂੰ ਪੂਰਾ ਕਰਨ ਦਾ ਮਨ ਬਣਾ ਲਿਆ। ਉਹ ‘ਐੱਮ.ਬੀ.ਏ. ਚਾਯਵਾਲਾ’ ਬਾਰੇ ਇੰਟਰਨੈੱਟ ’ਤੇ ਪੜ੍ਹਕੇ ਪ੍ਰੇਰਿਤ ਹੋਈ ਸੀ। ਉਸਦਾ ਕਹਿਣਾ ਹੈ ਕਿ ਮੇਰਾ ਮੰਨਣਾ ਹੈ ਕਿ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ। ਇਸ ਲਈ ਮੈਂ ਵੀ ਐੱਮ.ਬੀ.ਏ. ਚਾਯਵਾਲਾ ਵਾਂਗ ਹੀ ਆਪਣੀ ਖੁਦ ਦੀ ਚਾਹ ਦੀ ਦੁਕਾਨ ਖੋਲ੍ਹਣ ਦਾ ਫੈਸਲਾ ਕੀਤਾ ਸੀ। ਸ਼ੁਰੂਆਤ ਵਿਚ ਇਸਦੇ ਲਈ ਥਾਂ ਲੱਭਣ ਵਿਚ ਮੁਸ਼ਕਲ ਹੋ ਰਹੀ ਸੀ ਪਰ ਬਾਅਦ ਵਿਚ ਮੈਂ ਇਸ ਵਿਚ ਸਫਲ ਰਹੀ। ਹੁਣ ਮੈਂ ਚਾਹ ਅਤੇ ਸਨੈਕਸ ਵੇਚਦੀ ਹਾਂ। ਕਿਉਂਕਿ ਮੈਂ ਐੱਮ.ਏ. ਹਾਂ ਇਸ ਲਈ ਮੈਂ ਦੁਕਾਨ ਦਾ ਇਹ ਨਾਂ ਰੱਖਿਆ ਹੈ।

ਦੁਕਾਨ ਦੇ ਨਾਂ ’ਤੇ ਆਕਰਸ਼ਿਤ ਹੁੰਦੇ ਹਨ ਲੋਕ
ਟੁਕਟੁਕੀ ਦਾਸ ਇਸੇ ਸੋਚ ਦੇ ਨਾਲ ਅੱਗੇ ਵਧ ਰਹੀ ਹੈ ਕਿ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਹੈ। ਉਸਦਾ ਸੁਪਨਾ ਹੈ ਕਿ ਉਹ ਆਪਣੇ ਬਿਜਨੈੱਸ ਨੂੰ ਹੋਰ ਵਧਾਏ। ਉਸਦੇ ਪਿਤਾ ਪ੍ਰਸ਼ਾਂਤੋ ਦਾਸ ਨੇ ਕਿਹਾ ਕਿ ਸ਼ੁਰੂਆਤ ਵਿਚ ਤਾਂ ਅਸੀਂ ਇਸ ਫੈਸਲੇ ਤੋਂ ਖੁਸ਼ ਨਹੀਂ ਸਨ। ਅਸੀਂ ਉਸਨੂੰ ਇਸ ਆਸ ਨਾਲ ਪੜ੍ਹਾਇਆ-ਲਿਖਾਇਆ ਕਿ ਉਹ ਅਧਿਆਪਕਾ ਬਣੇਗੀ। ਪਰ ਉਸਨੇ ਚਾਹ ਦੀ ਦੁਕਾਨ ਖੋਲ੍ਹ ਲਈ। ਫਿਰ ਅਸੀਂ ਸੋਚਿਆ ਕਿ ਜੇਕਰ ਆਤਮਨਿਰਭਰ ਬਣਨ ਦਾ ਉਸਦਾ ਇਹ ਫੈਸਲਾ ਹੈ ਤਾਂ ਇਹ ਚੰਗਾ ਹੈ। ਜੋ ਲੋਕ ਟੁਕਟੁਕੀ ਦੀ ਦੁਕਾਨ ’ਤੇ ਚਾਹ ਪੀਣ ਜਾਂਦੇ ਹਨ, ਉਹ ਦੁਕਾਨ ਦੇ ਨਾਂ ਪ੍ਰਤੀ ਆਕਰਸ਼ਿਤ ਹੁੰਦੇ ਹਨ। ਸਟੇਸ਼ਨ ’ਤੇ ਕਈ ਯਾਤਰੀ ਉਸਦੇ ਆਤਮਨਿਰਭਰਤਾ ਦੇ ਆਦਰਸ਼ ਵਾਕ ਨਾਲ ਸਹਿਮਤ ਹੁੰਦੇ ਹਨ। ਉਨ੍ਹਾਂ ਦਾ ਵੀ ਮੰਨਣਾ ਹੈ ਕਿ ਟੁਕਟੁਕੀ ਦੀ ਕਹਾਣੀ ਦੇਸ਼ ਦੇ ਹੋਰ ਯੋਗ ਨੌਜਵਾਨਾਂ ਲਈ ਪ੍ਰੇਰਣਾਦਾਇਕ ਹੋ ਸਕਦੀ ਹੈ ਜੋ ਆਪਣੇ ਲਈ ਨੌਕਰੀ ਹਾਸਲ ਕਰਨ ਵਿਚ ਸਮਰੱਥ ਨਹੀਂ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News