ਕੀ ਨਿਤੀਸ਼ ਖੁੰਝ ਗਏ!
Tuesday, Nov 12, 2024 - 12:20 AM (IST)
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਹੁੰ ਚੁੱਕ ਸਮਾਰੋਹ ਅਤੇ ਭਾਜਪਾ ਦੇ ਹੋਰ ਪ੍ਰੋਗਰਾਮਾਂ ’ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਗੈਰ-ਹਾਜ਼ਰੀ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ। ਕਾਰਨ, ਨਿਤੀਸ਼ ਐੱਨ. ਡੀ. ਏ. ਦੇ ਇਕਲੌਤੇ ਅਜਿਹੇ ਮੁੱਖ ਮੰਤਰੀ ਸਨ, ਜੋ ਇਸ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋਏ, ਬਾਵਜੂਦ ਇਸ ਦੇ ਪ੍ਰਧਾਨ ਮੰਤਰੀ ਮੋਦੀ ਨਿੱਜੀ ਤੌਰ ’ਤੇ ਇਸ ਪ੍ਰੋਗਰਾਮ ਦੀ ਨਿਗਰਾਨੀ ਕਰ ਰਹੇ ਸਨ।
ਹਰਿਆਣਾ ਭਾਜਪਾ ਲਈ ਟਰਨਿੰਗ ਪੁਆਇੰਟ ਸੀ ਕਿਉਂਕਿ ਉਸ ਨੇ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ ਅਤੇ ਨਿਤੀਸ਼ ਦੀ ਗੈਰ-ਹਾਜ਼ਰੀ ਐੱਨ. ਡੀ. ਏ. ਲਈ ਚੰਗੀ ਖਬਰ ਨਹੀਂ ਸੀ। ਹੁਣ ਪਤਾ ਲੱਗਾ ਹੈ ਕਿ ਨਿਤੀਸ਼ ਕੁਮਾਰ ਨੇ ਨਿੱਜੀ ਤੌਰ ’ਤੇ ਮੋਦੀ ਨੂੰ ਫੋਨ ਕੀਤਾ ਸੀ ਅਤੇ ਯਾਤਰਾ ਕਰਨ ’ਚ ਅਸਮਰੱਥਤਾ ਲਈ ‘ਕੁਝ ਕਾਰਨ’ ਦੱਸੇ ਸਨ।
ਹਾਲਾਂਕਿ ਨਿਤੀਸ਼ ਪਟਨਾ ’ਚ ਦੁਸਹਿਰੇ ਦੌਰਾਨ ‘ਰਾਵਣ ਵਧ’ ਸਮਾਰੋਹ ’ਚ ਸ਼ਾਮਲ ਹੋਏ ਅਤੇ ਉਥੇ ਉਨ੍ਹਾਂ ਦੀ ਸਿਹਤ ਦੀ ਅਸਲ ਸਥਿਤੀ ਪਤਾ ਲੱਗ ਗਈ। ਨਿਤੀਸ਼ ਕੁਮਾਰ ਨੇ ਰਾਵਣ ਦੇ ਪੁਤਲੇ ’ਤੇ ਤੀਰ ਚਲਾਉਣਾ ਸੀ ਤਾਂ ਕਿ ਆਤਿਸ਼ਬਾਜ਼ੀ ਸ਼ੁਰੂ ਹੋ ਸਕੇ ਅਤੇ ਉਹ ਅੱਗ ਦੀਆਂ ਲਪਟਾਂ ’ਚ ਘਿਰ ਜਾਵੇ।
ਇਸ ਮੌਕੇ ਰਾਜਪਾਲ ਰਾਜੇਂਦਰ ਆਰਲੇਕਰ ਵੀ ਮੌਜੂਦ ਸਨ ਪਰ ਕੁਮਾਰ ਲੜਖੜਾ ਗਏ ਅਤੇ ਉਨ੍ਹਾਂ ਦੀ ਕਮਾਨ ਅਤੇ ਤੀਰ ਜ਼ਮੀਨ ’ਤੇ ਡਿੱਗ ਗਿਆ। ਕੁਮਾਰ ਦੇ ਤੀਰ ਤੋਂ ਬਿਨਾਂ ਹੀ ਪੁਤਲਾ ਸੜ੍ਹ ਗਿਆ। ਇਸ ਤਰੁੱਟੀ ਦੀ ਆਲੋਚਨਾ ਪਾਰਟੀ ਲਾਈਨ ਤੋਂ ਹਟ ਕੇ ਨੇਤਾਵਾਂ ਨੇ ਕੀਤੀ। ਜ਼ਾਹਿਰ ਹੈ, ਉਨ੍ਹਾਂ ਦੀ ਸਿਹਤ ਦੇ ਠੀਕ ਹੋਣ ਦੀਆਂ ਪਹਿਲਾਂ ਦੀਆਂ ਰਿਪੋਰਟਾਂ ਸਹੀ ਨਹੀਂ ਸਨ ਅਤੇ ਅਜਿਹਾ ਮਹਿਸੂਸ ਕੀਤਾ ਗਿਆ ਕਿ ਕਿਤੇ ਇਹ ਕੁਮਾਰ ਦੇ ਡਿਮੈਂਸ਼ੀਆ ਤੋਂ ਪੀੜਤ ਹੋਣ ਦਾ ਇਕ ਹੋਰ ਕਾਰਨ ਤਾਂ ਨਹੀਂ।
ਉੱਧਰ ਵਿਰੋਧੀ ਧਿਰ ਨੇ ਕਿਹਾ ਕਿ ‘ਤੀਰ’ ਨਿਤੀਸ਼ ਦੇ ਜਦ (ਯੂ) ਦਾ ਚੋਣ ਚਿੰਨ੍ਹ ਹੈ ਪਰ ਉਹ ਨਿਸ਼ਾਨਾ ਖੁੰਝ ਗਏ ਹਨ ਅਤੇ 2025 ਉਨ੍ਹਾਂ ਲਈ ਵਾਟਰਲੂ ਸਾਬਿਤ ਹੋਵੇਗਾ। ਪ੍ਰੇਸ਼ਾਨ ਨਿਤੀਸ਼ ਹੁਣ ਪੂਰੇ ਸੂਬੇ ਦੇ ਦੌਰ ’ਤੇ ਹਨ।