ਰਾਸ਼ਟਰਪਤੀ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ, ਉਪ ਰਾਸ਼ਟਰਪਤੀ ਨੇ ਦਿੱਤੀ ਵਧਾਈ
Tuesday, Jun 06, 2023 - 12:38 PM (IST)
ਨਵੀਂ ਦਿੱਲੀ- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮੰਗਲਵਾਰ ਯਾਨੀ ਕਿ ਅੱਜ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤੇ ਜਾਣ 'ਤੇ ਵਧਾਈ ਦਿੱਤੀ। ਉਨ੍ਹਾਂ ਇਸ ਨੂੰ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਦਾ ਪ੍ਰਤੀਬਿੰਬ ਕਰਾਰ ਦਿੱਤਾ। ਦ੍ਰੌਪਦੀ ਮੁਰਮੂ ਨੂੰ ਸੋਮਵਾਰ ਨੂੰ ਸੂਰੀਨਾਮ ਦੇ ਸਰਵਉੱਚ ਨਾਗਰਿਕ ਪੁਰਸਕਾਰ 'ਗ੍ਰੈਂਡ ਆਰਡਰ ਆਫ਼ ਦਿ ਚੇਨ ਆਫ਼ ਦਿ ਯੈਲੋ ਸਟਾਰ' ਨਾਲ ਸਨਮਾਨਿਤ ਕੀਤਾ ਗਿਆ। ਸੂਰੀਨਾਮ ਦੇ ਪ੍ਰਧਾਨ ਚੰਦਰਿਕਾਪ੍ਰਸਾਦ ਸੰਤੋਖੀ ਨੇ ਉਨ੍ਹਾਂ ਨੂੰ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਇਕ ਟਵੀਟ ਵਿਚ ਉਪ ਰਾਸ਼ਟਰਪਤੀ ਧਨਖੜ ਨੇ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਸੂਰੀਨਾਮ ਵਿਚ ਉੱਥੋਂ ਦੇ 'ਗ੍ਰੈਂਡ ਆਰਡਰ ਆਫ਼ ਦਿ ਚੇਨ ਆਫ਼ ਦਿ ਯੈਲੋ ਸਟਾਰ' ਨਾਲ ਸਨਮਾਨਿਤ ਕੀਤੇ ਜਾਣ 'ਤੇ ਵਧਾਈ। ਇਹ ਭਾਰਤ ਦੇ ਰਾਸ਼ਟਰਪਤੀ ਦੀ ਦੂਰਅੰਦੇਸ਼ੀ ਲੀਡਰਸ਼ਿਪ ਦਾ ਨਤੀਜਾ ਹੈ ਅਤੇ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਦਾ ਪ੍ਰਤੀਬਿੰਬ ਹੈ। ਦੱਸ ਦੇਈਏ ਕਿ ਰਾਸ਼ਟਰਪਤੀ ਮੁਰਮੂ ਸੂਰੀਨਾਮ ਦੇ ਦੌਰੇ 'ਤੇ ਹਨ। ਸੂਰੀਨਾਮ ਵਿਚ ਭਾਰਤੀਆਂ ਦੀ ਆਮਦ ਦੀ 150ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ।