ਢਾਬਾ ਮਾਲਕ ਤੇ ਸਟਾਫ ਨੇ ਕੁੱਟ-ਕੁੱਟ ਮਾਰ 'ਤਾ ਪੰਜਾਬੀ ਨੌਜਵਾਨ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Wednesday, Aug 28, 2024 - 09:34 PM (IST)

ਢਾਬਾ ਮਾਲਕ ਤੇ ਸਟਾਫ ਨੇ ਕੁੱਟ-ਕੁੱਟ ਮਾਰ 'ਤਾ ਪੰਜਾਬੀ ਨੌਜਵਾਨ, 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਨਵੀਂ ਦਿੱਲੀ : ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ 'ਚ ਸਥਿਤ ਇਕ ਰੈਸਟੋਰੈਂਟ 'ਚ ਖਾਣੇ ਦਾ ਆਰਡਰ ਦੇਣ 'ਚ ਦੇਰੀ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਢਾਬਾ ਮਾਲਕ ਨੇ ਸਟਾਫ਼ ਨਾਲ ਮਿਲ ਕੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਦੇ ਦੋਸਤ ਨੌਜਵਾਨ ਨੂੰ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਹਰਨੀਤ ਸਚਦੇਵਾ (29) ਵਜੋਂ ਹੋਈ ਹੈ।

ਪੁਲਸ ਮੁਤਾਬਕ ਬੁੱਧਵਾਰ ਸਵੇਰੇ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਨੂੰ ਮ੍ਰਿਤਕ ਲਿਆਂਦਾ ਗਿਆ ਸੀ। ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਹਰਨੀਤ ਸਿੰਘ ਸਚਦੇਵਾ ਕਾਫਿਲਾ ਨਾਂ ਦੇ ਢਾਬੇ 'ਤੇ ਗਿਆ ਸੀ ਅਤੇ ਕੁਝ ਆਰਡਰ ਕੀਤਾ ਸੀ। ਆਰਡਰ ਵਿਚ ਦੇਰੀ ਹੋਣ ਕਾਰਨ ਉਸ ਦੀ ਢਾਬਾ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਢਾਬੇ ਦੇ ਕਰਮਚਾਰੀਆਂ ਨੇ ਮਾਲਕਾਂ ਕੇਤਨ ਨਰੂਲਾ ਅਤੇ ਅਜੈ ਨਰੂਲਾ ਨੂੰ ਬੁਲਾਇਆ।

ਦੋ ਮੁਲਜ਼ਮ ਗ੍ਰਿਫਤਾਰ
ਪੁਲਸ ਨੇ ਦੱਸਿਆ ਕਿ ਮਾਲਕ ਕੁਝ ਲੋਕਾਂ ਨਾਲ ਉਥੇ ਪਹੁੰਚੇ ਤੇ ਨੌਜਵਾਨ, ਉਸ ਦੇ ਦੋਸਤਾਂ ਅਤੇ ਮਾਲਕਾਂ ਵਿਚਾਲੇ ਝਗੜਾ ਹੋ ਗਿਆ। ਬਾਅਦ 'ਚ ਜ਼ਖਮੀ ਹੋਏ ਨੌਜਵਾਨ ਨੂੰ ਉਸਦੇ ਦੋਸਤਾਂ ਨੇ ਹਸਪਤਾਲ ਪਹੁੰਚਾਇਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਿਲਹਾਲ ਦੋ ਦੋਸ਼ੀਆਂ ਕੇਤਨ ਨਰੂਲਾ ਅਤੇ ਅਜੇ ਨਰੂਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ। ਪੁਲਸ ਦੇ ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਉਸ ਸਮੇਂ ਦੌਰਾਨ ਰੈਸਟੋਰੈਂਟ ਕਿਵੇਂ ਚੱਲ ਰਿਹਾ ਸੀ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ 
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਹ ਸ਼ਾਮ ਨੂੰ 7 ਵਜੇ ਘਰੋਂ ਨਿਕਲਿਆ ਸੀ। ਕਰੀਬ ਸਾਢੇ 3 ਵਜੇ ਉਸ ਨੇ ਆਪਣੀ ਪਤਨੀ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਅਤੇ ਉਸ ਨੂੰ ਦੱਸਿਆ ਕਿ ਬਹੁਤ ਮੀਂਹ ਪੈ ਰਿਹਾ ਹੈ ਅਤੇ ਉਹ ਜਲਦੀ ਹੀ ਘਰ ਆ ਜਾਵੇਗਾ। ਬਾਅਦ ਵਿਚ  4:23 ਵਜੇ ਸਾਨੂੰ ਉਸਦੇ ਦੋਸਤ ਦਾ ਫੋਨ ਆਇਆ ਕਿ ਹਰਨੀਤ ਝਗੜੇ ਵਿੱਚ ਜ਼ਖਮੀ ਹੋ ਗਿਆ ਹੈ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉਹ ਠੀਕ ਨਹੀਂ ਸੀ। ਉਸ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਪੁਲਸ ਅਨੁਸਾਰ ਮ੍ਰਿਤਕ ਸਫੈਦੀ ਕਰਨ ਦਾ ਕੰਮ ਕਰਦਾ ਸੀ ਅਤੇ ਪਹਿਲਾਂ ਵੀ ਲੜਾਈ ਝਗੜੇ ਦੇ ਮਾਮਲੇ ਵਿਚ ਸ਼ਾਮਲ ਰਿਹਾ ਸੀ।


author

Baljit Singh

Content Editor

Related News