... ਤੇ ਹੁਣ ਸਾਈਂ ਬਾਬੇ ਦੇ ਭਗਤ ਸ਼ਿਰਡੀ ਜਾ ਸਕਣਗੇ ਹਵਾਈ ਜਹਾਜ਼ ''ਤੇ!

Saturday, Sep 23, 2017 - 01:52 PM (IST)

ਨਵੀਂ ਦਿੱਲੀ - ਸ਼ਹਿਰੀ ਹਵਾਬਾਜ਼ੀ ਮਹਾ-ਨਿਰਦੇਸ਼ਾਲਿਆ (ਡੀ. ਜੀ. ਸੀ. ਏ.) ਨੇ ਮਹਾਰਾਸ਼ਟਰ ਦੇ ਸ਼ਿਰਡੀ ਹਵਾਈ ਅੱਡੇ ਨੂੰ ਏਅਰੋਡਰਮ ਲਾਇਸੈਂਸ ਜਾਰੀ ਕਰ ਦਿੱਤਾ ਹੈ, ਜਿਸ ਦੇ ਨਾਲ ਉਥੇ ਜਲਦੀ ਹੀ ਹਵਾਈ ਸੇਵਾ ਸ਼ੁਰੂ ਹੋਣ ਦੀ ਆਸ ਹੈ। ਡੀ. ਜੀ. ਸੀ. ਏ. ਦੇ ਸੰਯੁਕਤ ਮਹਾਨਿਰਦੇਸ਼ਕ ਲਲਿਤ ਗੁਪਤਾ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਥੇ ਹਵਾਈ ਜਹਾਜ਼ਾਂ ਦੀ ਆਵਾਜਾਈ ਲਈ ਸਾਰੇ ਮਾਪਦੰਡਾਂ ਨੂੰ ਪੂਰਾ ਕਰਨ ਮਗਰੋਂ ਇਹ ਲਾਇਸੈਂਸ ਜਾਰੀ ਕੀਤਾ ਗਿਆ ਹੈ। 
ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ ਦੇ ਕਾਕੜੀ ਪਿੰਡ 'ਚ ਬਣੇ ਇਸ ਹਵਾਈ ਅੱਡੇ ਦਾ ਵਿਕਾਸ ਸੂਬਾ ਸਰਕਾਰ ਦੀ ਮਹਾਰਾਸ਼ਟਰ ਏਅਰਪੋਰਟ ਡਿਵੈੱਲਪਮੈਂਟ ਕੰਪਨੀ ਨੇ ਕੀਤਾ ਹੈ। ਇਸ ਲਈ ਡੀ. ਜੀ. ਸੀ. ਏ. ਨੇ ਸਿਧਾਂਤਕ ਮਨਜ਼ੂਰੀ ਦਿੱਤੀ ਸੀ। ਸ਼ਿਰਡੀ 'ਚ ਸਾਈਂ ਬਾਬਾ ਦਾ ਪ੍ਰਸਿੱਧ ਮੰਦਰ ਹੈ ਅਤੇ ਇਹ ਸੂਬੇ 'ਚ ਸਭ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਾਲਾ ਸਥਾਨ ਹੈ। ਇਸ ਧਾਰਮਿਕ ਸਥਾਨ 'ਤੇ ਹਰ ਮਹੀਨੇ ਲੱਖਾਂ ਦੀ ਗਿਣਤੀ 'ਚ ਲੋਕ ਆਉਂਦੇ ਹਨ। ਆਸ ਹੈ ਕਿ ਇਥੇ ਜਲਦੀ ਹੀ ਹਵਾਈ ਸੇਵਾ ਸ਼ੁਰੂ ਹੋ ਜਾਵੇਗੀ।


Related News