ਮਹਾਰਾਸ਼ਟਰ ''ਚ ਭਾਜਪਾ ਸਰਕਾਰ ਡਿੱਗੀ, ਫੜਨਵੀਸ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ
Tuesday, Nov 26, 2019 - 07:01 PM (IST)

ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਮੰਗਲਵਾਰ ਦੁਪਹਿਰ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੱਤਰਕਾਰ ਸੰਮੇਲਨ ਕਰ ਕੇ ਕਿਹਾ ਸੀ ਕਿ ਅਜੀਤ ਪਵਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਕੋਲ ਬਹੁਮਤ ਨਹੀਂ ਰਹਿ ਗਿਆ ਅਤੇ ਉਹ ਰਾਜਪਾਲ ਨੂੰ ਮਿਲ ਕੇ ਆਪਣਾ ਅਸਤੀਫਾ ਸੌਂਪਣਗੇ।
ਇੱਥੇ ਦੱਸ ਦੇਈਏ ਕਿ ਅਜੀਤ ਪਵਾਰ ਨੇ 3 ਦਿਨ ਪਹਿਲਾਂ ਹੀ ਭਾਜਪਾ ਦੇ ਖੇਮੇ 'ਚ ਆ ਕੇ ਸ਼ਨੀਵਾਰ ਦੀ ਸਵੇਰ ਨੂੰ ਫੜਨਵੀਸ ਨਾਲ ਹੀ ਸਹੁੰ ਚੁੱਕੀ ਸੀ। ਫੜਨਵੀਸ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਖਰੀਦ-ਫਰੋਖਤ ਵਿਚ ਸ਼ਾਮਲ ਨਹੀਂ ਹੋਵੇਗੀ ਅਤੇ ਵਿਰੋਧੀ ਧਿਰ ਦੇ ਤੌਰ 'ਤੇ ਕੰਮ ਕਰੇਗੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਿਰੋਧੀ ਧਿਰ ਦੇ ਰੂਪ 'ਚ ਜਨਤਾ ਦੀ ਆਵਾਜ਼ ਬਣੇਗੀ।
ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿਚ ਬੀਤੇ ਸ਼ਨੀਵਾਰ ਸਵੇਰੇ 8 ਵਜੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਰਾਜਭਵਨ ਵਿਚ ਫੜਨਵੀਸ ਨੂੰ ਮੁੱਖ ਮੰਤਰੀ ਅਤੇ ਅਜੀਤ ਪਵਾਰ ਨੂੰ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਸੀ। ਰਾਜਪਾਲ ਦੇ ਫੈਸਲੇ ਵਿਰੁੱਧ ਸ਼ਿਵ ਸੈਨਾ-ਐੱਨ. ਸੀ. ਪੀ.-ਕਾਂਗਰਸ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ। ਜਿਸ ਤੋਂ ਬਾਅਦ ਅੱਜ ਭਾਵ ਮੰਗਲਵਾਰ ਨੂੰ ਕੋਰਟ ਨੇ ਫੜਨਵੀਸ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੂੰ ਬੁੱਧਵਾਰ 5 ਵਜੇ ਤਕ ਫਲੋਰ ਟੈਸਟ ਦਾ ਨਿਰਦੇਸ਼ ਦਿੱਤਾ ਸੀ।