ਰਣਜੀਤ ਕਤਲਕਾਂਡ ਮਾਮਲੇ ’ਚ ਰਾਮ ਰਹੀਮ ਸਮਤੇ 5 ਦੋਸ਼ੀਆਂ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ

Tuesday, Oct 12, 2021 - 10:29 AM (IST)

ਪੰਚਕੂਲਾ (ਉਮੰਗ)— ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਯਾਨੀ ਕਿ ਮੰਗਲਵਾਰ ਨੂੰ ਰਣਜੀਤ ਸਿੰਘ ਕਤਲ ਮਾਮਲੇ ’ਚ ਸਜ਼ਾ ਸੁਣਾਈ ਜਾਵੇਗੀ। ਰਣਜੀਤ ਸਿੰਘ ਕਤਲਕਾਂਡ ’ਚ 19 ਸਾਲਾਂ ਬਾਅਦ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਰਾਮ ਰਹੀਮ ਸਮੇਤ 5 ਦੋਸ਼ੀਆਂ ਨੂੰ ਸਜ਼ਾ ਸੁਣਾਏਗੀ। ਇਸ ਨੂੰ ਵੇਖਦਿਆਂ ਪੰਚਕੂਲਾ ਵਿਚ ਪੁਲਸ ਨੇ ਸੁਰੱਖਿਆ ਸਖ਼ਤ ਕਰ ਲਈ ਹੈ। ਸਜ਼ਾ ਸੁਣਾਏ ਜਾਣ ਦੌਰਾਨ ਕਿਸੇ ਪ੍ਰਕਾਰ ਨਾਲ ਕਾਨੂੰਨ ਵਿਵਸਥਾ ਖਰਾਬ ਨਾ ਹੋਵੇ, ਇਸ ਲਈ ਪੰਚਕੂਲਾ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚ ਧਾਰਾ-144 ਲਾਗੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅਨਿਲ ਵਿਜ ਦਾ ਨਵਜੋਤ ਸਿੱਧੂ ’ਤੇ ਤੰਜ਼, ਕਿਹਾ- ‘ਹਮੇਸ਼ਾ ਲਈ ਮੌਨ ਵਰਤ ਰੱਖ ਲੈਣ ਤਾਂ ਦੇਸ਼ ਨੂੰ ਸ਼ਾਂਤੀ ਮਿਲੇਗੀ’

ਰਣਜੀਤ ਸਿੰਘ ਕਤਲ ਮਾਮਲੇ ਦਾ ਮੁੱਖ ਦੋਸ਼ੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ ਹੋਵੇਗਾ, ਜਦਕਿ ਦੋਸ਼ੀ ਕ੍ਰਿਸ਼ਨ ਲਾਲ, ਅਵਤਾਰ, ਸਬਦਿਲ ਅਤੇ ਜਸਬੀਰ ਸਿੱਧੇ ਰੂਪ ਨਾਲ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਕੋਰਟ ’ਚ ਪੇਸ਼ ਹੋਣਗੇ। ਅਦਾਲਤ ਦੇ ਬਾਹਰ ਪੁਲਸ ਦੇ ਜਵਾਨ ਵੱਡੀ ਗਿਣਤੀ ਵਿਚ ਤਾਇਨਾਤ ਰਹਿਣਗੇ। ਦੱਸ ਦੇਈਏ ਕਿ ਬੀਤੇ ਸ਼ੁੱਕਰਵਾਰ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਸਮੇਤ 5 ਨੂੰ ਦੋਸ਼ੀ ਕਰਾਰ ਦਿੱਤਾ ਸੀ।

ਇਹ ਵੀ ਪੜ੍ਹੋ : ਰਣਜੀਤ ਸਿੰਘ ਕਤਲਕਾਂਡ : CBI ਦੀ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਸਮੇਤ 5 ਨੂੰ ਠਹਿਰਾਇਆ ਦੋਸ਼ੀ

ਇਹ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ 10 ਜੁਲਾਈ 2002 ਨੂੰ ਡੇਰੇ ਦੀ ਪ੍ਰਬੰਧਨ ਕਮੇਟੀ ਦੇ ਮੈਂਬਰ ਰਹੇ ਕੁਰੂਕੁਸ਼ੇਤਰ ਦੇ ਰਣਜੀਤ ਸਿੰਘ ਦਾ ਕਤਲ ਹੋਇਆ ਸੀ। ਡੇਰਾ ਪ੍ਰਬੰਧਨ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਸਾਧਵੀ ਯੌਨ ਸ਼ੋਸ਼ਣ ਦੀ ਗੁੰਮਨਾਮ ਚਿੱਠੀ ਆਪਣੀ ਭੈਣ ਤੋਂ ਹੀ ਲਿਖਵਾਈ ਸੀ। ਪੁਲਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 ’ਚ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ। ਸੀ.ਬੀ.ਆਈ. ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੋਸ਼ੀਆਂ ’ਤੇ ਮਾਮਲਾ ਦਰਜ ਕੀਤਾ ਸੀ। 2007 ’ਚ ਕੋਰਟ ਨੇ ਦੋਸ਼ੀਆਂ ’ਤੇ ਚਾਰਜ ਫਰੇਮ ਕੀਤੇ ਸਨ। ਰਾਮ ਰਹੀਮ ਨੂੰ ਸਾਧਵੀਆਂ ਨਾਲ ਯੌਨ ਸ਼ੋਸ਼ਣ ਦੇ ਮਾਮਲੇ ’ਚ ਪਹਿਲਾਂ ਹੀ 20 ਸਾਲ ਦੀ ਸਜ਼ਾ ਹੋ ਚੁਕੀ ਹੈ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲਕਾਂਡ ’ਚ ਉਹ ਉਮਰ ਕੈਦ ਦੀ ਸਜ਼ਾ ਸੁਨਾਰੀਆ ਜੇਲ੍ਹ ’ਚ ਕੱਟ ਰਿਹਾ ਹੈ। 

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
 


Tanu

Content Editor

Related News