ਹਰਿਆਣਾ ''ਚ ਡੇਂਗੂ ਦਾ ਖ਼ੌਫ: ਇਨ੍ਹਾਂ 4 ਜ਼ਿਲ੍ਹਿਆਂ ''ਚ ਹਾਲਾਤ ਖ਼ਰਾਬ
Thursday, Aug 24, 2023 - 05:05 PM (IST)
ਰੋਹਤਕ- ਹਰਿਆਣਾ 'ਚ ਡੇਂਗੂ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਸੂਬੇ ਦੇ 4 ਜ਼ਿਲ੍ਹਿਆਂ- ਰੋਹਤਕ, ਯਮੁਨਾਨਗਰ, ਰੇਵਾੜੀ ਅਤੇ ਗੁਰੂਗ੍ਰਾਮ 'ਚ ਹਾਲਾਤ ਜ਼ਿਆਦਾ ਖ਼ਰਾਬ ਹੋ ਰਹੇ ਹਨ। ਹੁਣ ਤਕ ਸੂਬੇ 'ਚ 27,706 ਲੋਕਾਂ ਦੇ ਨਮੂਨੇ ਲਈ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 772 ਲੋਕਾਂ 'ਚ ਡੇਂਗੂ ਦੀ ਪੁਸ਼ਟੀ ਹੋਈ ਹੈ।
ਸਿਹਤ ਮੰਤਰੀ ਅਨਿਲ ਵਿਜ ਨੇ ਹਲਾਤਾਂ ਦੀ ਸਮੀਖਿਆ ਤੋਂ ਬਾਅਦ ਸਾਰੇ ਜ਼ਿਲ੍ਹਿਆਂ 'ਚ ਡੇਂਗੂ ਨੂੰ ਲੈ ਕੇ ਡੇਲੀ ਮਾਨੀਟਰਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਲਈ ਇਕ-ਇਕ ਫਾਗਿੰਗ ਮਸ਼ੀਨ ਲੈਣ ਲਈ ਕਿਹਾ ਹੈ।
ਡੇਂਗੂ ਦੇ ਨਾਲ ਚਿਕਨਗੁਨੀਆ ਦੇ ਵੀ ਮਾਮਲੇ
ਸੂਬੇ 'ਚ ਡੇਂਗੂ ਦੇ ਨਾਲ ਹੀ ਚਿਕਨਗੁਨੀਆ ਦੇ ਮਾਮਲੇ ਵੀ ਮਿਲ ਰਹੇ ਹਨ। ਹੁਣ ਤਕ ਚਿਕਨਗੁਨੀਆ ਦੇ 43 ਮਾਮਲੇ ਸਾਹਮਣੇ ਆਏ ਹਨ, ਜਦਕਿ ਮਲੇਰੀਆ ਦੇ 35 ਮਰੀਜ਼ ਮਿਲੇ ਹਨ।
ਡੇਂਗੂ ਦੀ ਰੋਕਥਾਮ ਲਈ ਹੁਣ ਜਿਨ੍ਹਾਂ ਘਰਾਂ ਜਾਂ ਸਰਕਾਰੀ ਦਫਤਰਾਂ 'ਚ ਡੇਂਗੂ ਮੱਛਰ ਦਾ ਲਾਰਵਾ ਪਾਇਆ ਜਾਂਦਾ ਹੈ, ਉਨ੍ਹਾਂ ਨੂੰ ਨੋਟਿਸ ਅਤੇ ਚਾਲਾਨ ਵੀ ਜਾਰੀ ਕੀਤੇ ਜਾਣਗੇ। ਹੁਣ ਤਕ 65711 ਨੋਟਿਸ ਅਜਿਹੇ ਲੋਕਾਂ ਨੂੰ ਜਾਰੀ ਕੀਤੇ ਜਾ ਚੁੱਕ ਹਨ। ਜਲਦ ਹੀ ਚਾਲਾਨ ਦੀ ਕਾਰਵਾਈ ਵੀ ਵਿਭਾਗ ਦੁਆਰਾ ਸ਼ੁਰੂ ਕੀਤੀ ਜਾਵੇਗੀ।