ਦਿੱਲੀ ਬਣੇਗੀ ''ਝੀਲਾਂ ਦਾ ਸ਼ਹਿਰ'', ਸੈਲਾਨੀ ਹੋਣਗੇ ਆਕਰਸ਼ਿਤ : ਅਰਵਿੰਦ ਕੇਜਰੀਵਾਲ
Thursday, Sep 08, 2022 - 04:32 PM (IST)
ਨਵੀਂ ਦਿੱਲੀ (ਭਾਸ਼ਾ)- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਜਲਦ ਹੀ ਝੀਲਾਂ ਦਾ ਸ਼ਹਿਰ ਬਣ ਜਾਵੇਗਾ। ਕੇਜਰੀਵਾਲ ਦੇ ਐਲਾਨ ਨੂੰ ਸਮਝਾਉਂਦੇ ਹੋਏ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਰਕਾਰ ਸ਼ਹਿਰ ਦੀਆਂ 50 ਝੀਲਾਂ ਦਾ ਨਵੀਨੀਕਰਨ ਅਤੇ ਸੁੰਦਰੀਕਰਨ ਕਰ ਰਹੀ ਹੈ। ਸਿਸੋਦੀਆ ਨੇ ਉੱਤਰ-ਪੱਛਮੀ ਦਿੱਲੀ ਦੇ ਬਵਾਨਾ 'ਚ ਸਨੋਥ ਝੀਲ 'ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਟਵੀਟ ਕੀਤਾ,"ਅਰਵਿੰਦ ਕੇਜਰੀਵਾਲ ਜੀ ਦੇ, ਦਿੱਲੀ ਨੂੰ ਝੀਲਾਂ ਦਾ ਸ਼ਹਿਰ ਬਣਾਉਣ ਦੇ ਮਿਸ਼ਨ ਅਧੀਨ ਸਨੋਥ ਝੀਲ 'ਚ ਹੋ ਰਹੇ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਕੰਮ ਦਾ ਜਾਇਜ਼ਾ ਲਿਆ।"
ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਦਿੱਲੀ ਵਿਚ ਪਾਣੀ ਦੀ ਘਾਟ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ। ਸਿਸੋਦੀਆ ਨੇ ਲਿਖਿਆ,“ਦਿੱਲੀ ਦੀਆਂ 50 ਅਜਿਹੀਆਂ ਝੀਲਾਂ, ਜੋ ਆਪਣੀ ਪਛਾਣ ਗੁਆ ਚੁੱਕੀਆਂ ਹਨ, ਦੀ ਮੁਰੰਮਤ ਕੀਤੀ ਜਾ ਰਹੀ ਹੈ, ਜਿਸ ਨਾਲ ਜ਼ਮੀਨੀ ਪਾਣੀ ਰੀਚਾਰਜ ਹੋਵੇਗਾ ਅਤੇ ਪਾਣੀ ਦੀ ਘਾਟ ਖ਼ਤਮ ਹੋਵੇਗੀ। ਇਸ ਪ੍ਰਾਜੈਕਟ ਨੂੰ ਪੂਰਾ ਹੁੰਦੇ ਹੀ, ਦਿੱਲੀ ਵਾਸੀ ਆਪਣੇ ਪਰਿਵਾਰਾਂ ਨਾਲ ਇੱਥੇ ਆ ਕੇ ਇਸ ਦੀ ਸੁੰਦਰਤਾ ਦਾ ਆਨੰਦ ਮਾਣ ਸਕਣਗੇ।” ਕੇਜਰੀਵਾਲ ਨੇ ਸਿਸੋਦੀਆ ਦੇ ਟਵੀਟ ਨੂੰ ਸਾਂਝਾ ਕਰਦੇ ਲਿਖਿਆ,“ਤਿਰੰਗਿਆਂ ਦਾ ਸ਼ਹਿਰ ਬਣਨ ਤੋਂ ਬਾਅਦ ਦਿੱਲੀ ਝੀਲਾਂ ਦਾ ਸ਼ਹਿਰ ਬਣਨ ਲਈ ਤਿਆਰ ਹੈ। ਪੂਰੀ ਦਿੱਲੀ ਵਿਚ ਕਈ ਸਾਰੀਆਂ ਸੁੰਦਰ ਝੀਲਾਂ ਹੋਣਗੀਆਂ। ਉਹ ਸਥਾਨਕ ਲੋਕਾਂ ਲਈ ਆਰਾਮ ਦੇਣ ਵਾਲੇ ਸਥਾਨ ਅਤੇ ਬਾਹਰੀ ਲੋਕਾਂ ਲਈ ਸੈਰ-ਸਪਾਟਾ ਸਥਾਨ ਵਜੋਂ ਕੰਮ ਕਰਨਗੀਆਂ।''