ਦਿੱਲੀ ਹਿੰਸਾ ਦੇ ਦੋਸ਼ੀ ਕੌਂਸਲਰ ਤਾਹਿਰ ਹੁਸੈਨ ਨੂੰ 'ਆਪ' ਨੇ ਵਿਖਾਇਆ ਬਾਹਰ ਦਾ ਰਸਤਾ

08/27/2020 3:01:11 PM

ਨਵੀਂ ਦਿੱਲੀ- ਪੂਰਬੀ ਦਿੱਲੀ ਨਗਰ ਨਿਗਮ ਨੇ ਦਿੱਲੀ ਦੰਗਿਆਂ ਦੇ ਦੋਸ਼ੀ ਕੌਂਸਲਰ ਤਾਹਿਰ ਹੁਸੈਨ ਦੀ ਮੈਂਬਰਤਾ ਖਤਮ ਕਰ ਦਿੱਤੀ ਹੈ। ਪੂਰਬੀ ਦਿੱਲੀ ਨਗਰ ਨਿਗਮ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਇਸ ਬਾਰੇ 26 ਅਗਸਤ ਨੂੰ ਫੈਸਲਾ ਲਿਆ ਗਿਆ। ਰਿਪੋਰਟ ਅਨੁਸਾਰ ਪੂਰਬੀ ਦਿੱਲੀ ਨਗਰ ਨਿਗਮ ਨੇ ਕਿਹਾ ਹੈ ਕਿ ਵਾਰਡ ਸੰਖਿਆ 59-ਈ ਦੇ ਕੌਂਸਲਰ ਦੀ ਮੈਂਬਰਤਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਤਾਹਿਰ ਹੁਸੈਨ ਆਮ ਆਦਮੀ ਪਾਰਟੀ ਦੇ ਟਿਕਟ 'ਤੇ ਵਾਰਡ ਸੰਖਿਆ 59-ਈ ਤੋਂ ਕੌਂਸਲਰ ਦੀ ਚੋਣ ਜਿੱਤੇ ਸਨ। ਦਿੱਲੀ ਦੰਗਿਆਂ 'ਚ ਨਾਂ ਆਉਣ 'ਤੇ ਆਮ ਆਦਮੀ ਪਾਰਟੀ ਨੇ ਤਾਹਿਰ ਨੂੰ ਪਾਰਟੀ ਦੀ ਮੈਂਬਰਤਾ ਤੋਂ ਮੁਅੱਤਲ ਕਰ ਦਿੱਤਾ ਸੀ। ਤਾਹਿਰ ਹੁਸੈਨ ਦਾ ਨਾਂ ਚਾਂਦਬਾਗ ਹਿੰਸਾ, ਆਈ.ਬੀ. ਅਫ਼ਸਰ ਅੰਕਿਤ ਸ਼ਰਮਾ ਦਾ ਕਤਲ ਅਤੇ ਇਕ ਤੀਜੇ ਮਾਮਲੇ 'ਚ ਆਇਆ ਹੈ। ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

ਦੱਸਣਯੋਗ ਹੈ ਕਿ ਚਾਂਦਬਾਗ 'ਚ ਸਾਬਕਾ ਕੌਂਸਲਰ ਤਾਹਿਰ ਹੁਸੈਨ ਦੀ ਛੱਤ ਤੋਂ ਪੈਟਰੋਲ ਬੰਬ ਅਤੇ ਪੱਥਰ ਸੁੱਟਣ ਦਾ ਦੋਸ਼ ਲਗਾਇਆ ਸੀ। ਪੁਲਸ ਨੇ ਤਾਹਿਰ ਹੁਸੈਨ ਦੀ ਛੱਤ ਤੋਂ ਹਿੰਸਾ 'ਚ ਇਸਤੇਮਾਲ ਕੀਤਾ ਗਿਆ ਸਾਮਾਨ ਵੀ ਬਰਾਮਦ ਕੀਤਾ ਸੀ। ਤਾਹਿਰ ਹੁਸੈਨ ਵਿਰੁੱਧ ਚਾਰਜਸ਼ੀਟ 'ਚ ਕ੍ਰਾਈਮ ਬਰਾਂਚ ਨੇ ਤਾਹਿਰ ਹੁਸੈਨ, ਉਸ ਦੇ ਭਰਾ ਅਤੇ ਗੁਰਗਿਆਂ 'ਤੇ ਯੋਜਨਾ ਬਣਾਉਣ ਅਤੇ ਹਿੰਸਾ 'ਚਸ਼ਾਮਲ ਹੋਣ ਦੇ ਸਬੂਤ ਸਮੇਤ ਕਈ ਖੁਲਾਸੇ ਕੀਤੇ ਗਏ ਸਨ। ਦੱਸਣਯੋਗ ਹੈ ਕਿ ਸੀ.ਏ.ਏ. ਵਿਰੁੱਧ ਪ੍ਰਦਰਸ਼ਨ ਦੌਰਾਨ ਚਾਂਦਬਾਗ ਇਲਾਕੇ 'ਚ ਹਿੰਸਾ ਹੋਈ ਸੀ। ਹਾਲਾਂਕਿ ਤਾਹਿਰ ਹੁਸੈਨ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਦੱਸਣਯੋਗ ਹੈ ਕਿ ਉੱਤਰ-ਪੂਰਬੀ ਦਿੱਲੀ 'ਚ ਨਾਗਰਿਕਤਾ ਸੋਧ ਵਿਰੁੱਧ ਚੱਲ ਰਿਹਾ ਅੰਦੋਲਨ ਹਿੰਸਾ 'ਚ ਤਬਦੀਲ ਹੋ ਗਿਆ ਸੀ। 24 ਫਰਵਰੀ ਨੂੰ ਪ੍ਰਦਰਸ਼ਨਕਾਰੀ ਹਿੰਸਾ 'ਤੇ ਉਤਾਰੂ ਹੋ ਗਏ ਸਨ। ਇਸ ਹਿੰਸਾ 'ਚ 53 ਲੋਕ ਮਾਰੇ ਗਏ ਸਨ, ਜਦੋਂ ਕਿ 200 ਲੋਕ ਜ਼ਖਮੀ ਹੋ ਗਏ ਸਨ। ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਇਸ ਕੇਸ ਦੀ ਜਾਂਚ ਕਰ ਰਹੀ ਹੈ।


DIsha

Content Editor

Related News