ਦਿੱਲੀ ਹਿੰਸਾ : ਰਾਸ਼ਟਰਪੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਪਹੁੰਚੇ ਸੀਲਮਪੁਰ

Wednesday, Feb 26, 2020 - 01:04 AM (IST)

ਨਵੀਂ ਦਿੱਲੀ (ਏਜੰਸੀ)- ਉੱਤਰ-ਪੂਰਬੀ ਦਿੱਲੀ ਵਿਚ ਹੋਈ ਹਿੰਸਾ ਵਿਚ 13 ਲੋਕਾਂ ਦੀ ਮੌਤ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਮੰਗਲਵਾਰ ਦੇਰ ਰਾਤ ਸੀਲਮਪੁਰ ਵਿਚ ਇਲਾਕੇ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਪਹੁੰਚੇ। ਦੱਸ ਦਈਏ ਕਿ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਇਸ ਹਿੰਸਾ ਵਿਚ ਹੁਣ ਤੱਕ 150 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਅਜੀਤ ਡੋਵਾਲ ਦਾ ਇਹ ਦੌਰਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੈਰਾਥਨ ਮੀਟਿੰਗ ਤੋਂ ਬਾਅਦ ਦੇਖਣ ਨੂੰ ਮਿਲਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਤੀਜੀ ਮੀਟਿੰਗ ਕੀਤੀ ਜੋ ਕਿ ਲਗਭਗ ਤਿੰਨ ਘੰਟੇ ਚੱਲੀ। ਉੱਤਰ ਪੂਰਬੀ ਦਿੱਲੀ ਵਿਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਨਾਰਥ ਈਸਟ ਦਿੱਲੀ ਵਿਚ ਪੁਲਸ ਨੇ ਦੰਗਾ ਭੜਕਾਉਣ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ ਦਿੱਤਾ ਹੈ। ਨਿਊਜ਼ ਏਜੰਸੀਆਂ ਮੁਤਾਬਕ ਤਣਾਅ ਨੂੰ ਦੇਖਦੇ ਹੋਏ ਪੁਲਸ ਨਾਲ ਨੀਮ ਫੌਜੀ ਦਸਤੇ ਦੀਆਂ 35 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਦਿੱਲੀ ਪੁਲਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਵੱਖ-ਵੱਖ ਥਾਣਿਆਂ ਵਿਚ 11 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। 25 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਨ੍ਹਾਂ 'ਤੇ ਕਤਲ, ਕਤਲ ਦੀ ਕੋਸ਼ਿਸ਼, ਪੁਲਸ 'ਤੇ ਹਮਲਾ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਉੱਤਰ ਪੂਰਬੀ ਦਿੱਲੀ ਦੇ ਜ਼ਾਫਰਾਬਾਦ, ਮੌਜਪੁਰ, ਬ੍ਰਹਿਮਾਪੁਰੀ, ਬਾਬਰਪੁਰ, ਕਰਦਮਪੁਰੀ, ਸੁਦਾਮਾਪੁਰੀ, ਘੋਂਡਾ ਚੌਕ, ਕਰਾਵਲ ਨਗਰ, ਮੁਸਤਫਾਬਾਦ, ਚਾਂਦਬਾਗ, ਨੂਰੇ ਇਲਾਹੀ, ਭਜਨਾਪੁਰਾ,ਗੋਕੁਲਪੁਰੀ ਵਿਚ ਤਣਾਅ ਹੈ। ਮੰਗਲਵਾਰ ਸਵੇਰੇ ਦੋਹਾਂ ਧਿਰਾਂ ਦੇ ਲੋਕ ਫਿਰ ਸੜਕ 'ਤੇ ਆ ਗਏ। ਕਰਦਮਪੁਰੀ ਅਤੇ ਸੁਦਾਮਾਪੁਰੀ ਇਲਾਕੇ ਵਿਚ ਪੂਰਾ ਦਿਨ ਰੁਕ- ਰੁਕ ਕੇ ਪਥਰਾਅ ਅਤੇ ਫਾਇਰਿੰਗ ਹੁੰਦੀ ਰਹੀ। ਮੰਗਲਵਾਰ ਨੂੰ ਸਭ ਤੋਂ ਜ਼ਿਆਦਾ ਮੌਤਾਂ ਇਥੇ ਹੋਈਆਂ।


Sunny Mehra

Content Editor

Related News