ਦਿੱਲੀ ਜਿੱਤ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ''ਤੇ ਟਿਕੀ ''ਆਪ'' ਦੀ ਨਜ਼ਰ

02/23/2020 4:13:09 PM

ਲਖਨਊ (ਭਾਸ਼ਾ)— ਦਿੱਲੀ 'ਚ ਲਗਾਤਾਰ ਦੂਜੀ ਵਾਰ ਧਮਾਕੇਦਾਰ ਜਿੱਤ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ 'ਆਪ' ਦੀ ਨਜ਼ਰ ਹੁਣ ਉੱਤਰ ਪ੍ਰਦੇਸ਼ 'ਤੇ ਟਿਕ ਗਈ ਹੈ। ਪਾਰਟੀ ਸੂਬੇ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ 'ਚ 'ਦਿੱਲੀ ਵਿਕਾਸ ਮਾਡਲ' 'ਤੇ ਵੋਟ ਮੰਗੇਗੀ। ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਐਤਵਾਰ ਨੂੰ ਪਹਿਲੀ ਵਾਰ ਲਖਨਊ ਦੌਰੇ 'ਤੇ ਆਏ 'ਆਪ' ਪਾਰਟੀ ਦੇ ਰਾਸ਼ਟਰੀ ਬੁਲਾਰੇ ਸੰਜੇ ਸਿੰਘ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਆਸੀ ਲਿਹਾਜ਼ ਨਾਲ ਸਭ ਤੋਂ ਸੰਵੇਦਨਸ਼ੀਲ ਸੂਬੇ ਉੱਤਰ ਪ੍ਰਦੇਸ਼ 'ਚ ਪਾਰਟੀ ਆਪਣੀ ਜ਼ਮੀਨ ਤਿਆਰ ਕਰਨ 'ਚ ਜੁੱਟ ਗਈ ਹੈ। ਉਨ੍ਹਾਂ ਨੇ ਕਿਹਾ ਕਿ 'ਆਪ' ਪਾਰਟੀ ਇਸ ਗੱਲ ਲਈ ਭਰੋਸੇਮੰਦ ਹੈ ਕਿ ਸਾਲ 2022 'ਚ ਹੋਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ 'ਤੇ ਲੜੀਆਂ ਜਾਣਗੀਆਂ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਲਗਾਤਾਰ ਤੀਜੀ ਵਾਰ ਸੱਤਾ 'ਚ ਵਾਪਸੀ ਇਸ ਗੱਲ ਦੇ ਸੰਕੇਤ ਹਨ ਕਿ ਜਨਤਾ ਹੁਣ ਨਫਰਤ ਦੀ ਸਿਆਸਤ ਦੀ ਬਜਾਏ ਵਿਕਾਸ ਦੇਖਣਾ ਚਾਹੁੰਦੀ ਹੈ। ਇੱਥੇ ਦੱਸ ਦੇਈਏ ਕਿ ਦਿੱਲੀ 'ਚ 'ਆਪ' ਪਾਰਟੀ ਨੇ 70 'ਚੋਂ 62 ਸੀਟਾਂ 'ਤੇ ਜਿੱਤ ਹਾਸਲ ਕੀਤੀ।

ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤੇ 'ਆਪ' ਪਾਰਟੀ ਦੇ 15 ਵਿਧਾਇਕ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਵਾਸੀ ਹਨ ਅਤੇ ਉਹ ਪ੍ਰਦੇਸ਼ 'ਚ ਪਾਰਟੀ ਦੀ ਜ਼ਮੀਨ ਤਿਆਰ ਕਰਨਗੇ। ਇਨ੍ਹਾਂ ਵਿਧਾਇਕਾਂ ਨੂੰ ਚੋਣਾਂ 'ਚ ਖਾਸ ਜ਼ਿੰਮੇਵਾਰੀ ਦਿੱਤੀ ਜਾਵੇਗੀ। ਸੰਗਠਨ ਨੂੰ ਬੂਥ ਪੱਧਰ ਤਕ ਮਜ਼ਬੂਤ ਕੀਤਾ ਜਾਵੇਗਾ, ਇਸ ਲਈ ਸਥਾਨਕ ਕੋਰ ਮੁੱਦਿਆਂ 'ਤੇ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 'ਆਪ' ਪਾਰਟੀ ਉੱਤਰ ਪ੍ਰਦੇਸ਼ ਦੇ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਦਿੱਲੀ ਦੇ ਵਿਕਾਸ ਮਾਡਲ ਦੇ ਨਾਮ 'ਤੇ ਵੋਟ ਮੰਗੇਗੀ। ਹਾਲ ਹੀ ਵਿਚ ਵਿਧਾਨ ਸਭਾ ਚੋਣਾਂ 'ਚ ਦਿੱਲੀ ਦੀ ਜਨਤਾ ਨੇ ਇਹ ਜ਼ਾਹਰ ਕਰ ਦਿੱਤਾ ਹੈ ਕਿ ਦਿੱਲੀ ਮਾਡਲ ਹੀ ਵਿਕਾਸ ਦਾ ਅਸਲ ਮਾਡਲ ਹੈ। 'ਆਪ' ਦੇ ਰਾਜ ਸਭਾ ਮੈਂਬਰ ਨੇ ਕਿਹਾ ਕਿ ਪਾਰਟੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਵਰਕਰ ਘਰ, ਘਰ ਜਾ ਕੇ ਲੋਕਾਂ ਨੂੰ ਦਿੱਲੀ ਦੇ ਵਿਕਾਸ ਮਾਡਲ ਦੀ ਜਾਣਕਾਰੀ ਦੇਣਗੇ।


Tanu

Content Editor

Related News