ਸਿੰਘੂ ਸਰਹੱਦ ’ਤੇ ਕਿਸਾਨ ਜਥੇਬੰਦੀਆਂ ਦੀ ਅਹਿਮ ਬੈਠਕ ਜਾਰੀ, ਕੇਂਦਰ ਦੇ ਸੱਦੇ ਨੂੰ ਲੈ ਕੇ ਹੋਵੇਗਾ ਫ਼ੈਸਲਾ

12/23/2020 2:48:34 PM

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕੇਂਦਰ ਸਰਕਾਰ ਨਾਲ ਕਿਸਾਨਾਂ ਨਾਲ 5 ਦੌਰ ਦੀ ਬੈਠਕ ਹੋ ਚੁੱਕੀ ਹੈ, ਜੋ ਕਿ ਬੇਸਿੱਟਾ ਰਹੀ। ਹਾਲ ਹੀ ’ਚ ਇਕ ਵਾਰ ਫਿਰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਸੱਦਾ ਪੱਤਰ ਘੱਲਿਆ ਹੈ, ਜਿਸ ’ਤੇ ਅੱਜ ਯਾਨੀ ਕਿ ਬੁੱਧਵਾਰ ਨੂੰ ਸਿੰਘੂ ਸਰਹੱਦ ’ਤੇ ਕਿਸਾਨ ਮੁੜ ਚਰਚਾ ਕਰ ਰਹੇ ਹਨ। ਕਿਸਾਨਾਂ ਵਲੋਂ ਅੱਜ ਦੀ ਬੈਠਕ ’ਚ ਸਰਕਾਰ ਨਾਲ ਗੱਲਬਾਤ ਦਾ ਫੈਸਲਾ ਲਿਆ ਜਾਵੇਗਾ। 

ਕਿਸਾਨ ਜਥੇਬੰਦੀਆਂ ਵਲੋਂ ਕੱਲ੍ਹ ਕਰੀਬ 7 ਘੰਟੇ ਇਸ ਮੁੱਦੇ ’ਤੇ ਮੰਥਨ ਕੀਤਾ ਗਿਆ। ਜਿਸ ’ਚ ਸੰਯੁਕਤ ਕਿਸਾਨ ਮੋਰਚਾ ਨੇ ਕੱਲ੍ਹ 5 ਮੈਂਬਰੀ ਕਮੇਟੀ ਬਣਾਈ ਹੈ, ਜੋ ਕਿ ਫ਼ੈਸਲਾ ਲੈਣਗੀਆਂ ਕਿ ਸਰਕਾਰ ਨਾਲ ਗੱਲਬਾਤ ਕਰਨੀ ਹੈ ਜਾਂ ਨਹੀਂ। ਕਿਸਾਨ ਆਗੂਆਂ ਦੀ ਇਹ ਕਮੇਟੀ ਤੈਅ ਕਰੇਗੀ ਕਿ ਸਰਕਾਰ ਵਲੋਂ ਗੱਲਬਾਤ ਲਈ ਸੱਦਾ ਪੱਤਰ ਮਿਲਿਆ ਹੈ, ਉਸ ’ਤੇ ਗੱਲਬਾਤ ਹੋਵੇ ਜਾਂ ਨਹੀਂ। ਜੇਕਰ ਗੱਲਬਾਤ ਕਰਨੀ ਹੈ ਤਾਂ ਉਸ ਦੀ ਰੂਪ-ਰੇਖਾ ਕੀ ਹੋਵੇਗੀ। 5 ਮੈਂਬਰੀ ਕਮੇਟੀ ਸਰਕਾਰ ਦੇ ਪ੍ਰਪੋਜਲ ਨੂੰ ਲੈ ਕੇ ਡਰਾਫ਼ਟ ਤਿਆਰ ਕਰੇਗੀ ਅਤੇ ਉਸ ਤੋਂ ਬਾਅਦ 40 ਕਿਸਾਨ ਆਗੂਆਂ ਦੀ ਬੈਠਕ ਹੋਣੀ ਹੈ। ਉਸ ਬੈਠਕ ਵਿਚ ਇਸ ਡਰਾਫ਼ਟ ਨੂੰ ਰੱਖਿਆ ਜਾਵੇਗਾ। 

ਦੱਸ ਦੇਈਏ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ’ਚ ਸੋਧ ਲਈ ਤਿਆਰ ਹੈ, ਜਦਕਿ ਕਿਸਾਨ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ’ਤੇ ਅੜੇ ਹੋਏ ਹਨ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਵੱਖ-ਵੱਖ ਥਾਵਾਂ ਤੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਅੱਜ ਕਿਸਾਨਾਂ ਵਲੋਂ ‘ਕਿਸਾਨ ਦਿਹਾੜਾ’ ਮਨਾਇਆ ਜਾ ਰਿਹਾ ਹੈ। ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਅੱਜ ਦੇ ਦਿਨ ਦੇਸ਼ ਵਾਸੀ ਉਨ੍ਹਾਂ ਦੇ ਸਮਰਥਨ ਵਿਚ ਇਕ ਸਮੇਂ ਦਾ ਭੋਜਨਾ ਨਾ ਕਰਨ। ਕਿਸਾਨਾਂ ਨੇ ਹੁਣ ਕੌਮਾਂਤਰੀ ਪੱਧਰ ’ਤੇ ਵੀ ਸਰਕਾਰ ਦੀ ਘੇਰਾਬੰਦੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਓਧਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਛੇਤੀ ਹੀ ਇਸ ਸੰਕਟ ਦਾ ਹੱਲ ਮਿਲਣ ਦੀ ਉਮੀਦ ਹੈ। ਇਸ ਗਤੀਰੋਧ ਨੂੰ ਦੂਰ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹਨ।


Tanu

Content Editor

Related News