ਕਿਤਾਬਾਂ ਛਪੀਆਂ ਹੀ ਨਹੀਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 'ਡਕਾਰੇ' 14 ਲੱਖ ਰੁਪਏ

Wednesday, Oct 31, 2018 - 04:57 PM (IST)

ਨਵੀਂ ਦਿੱਲੀ (ਬਿਊਰੋ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ 2 ਹੋਰ ਘਪਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇਕ ਤਾਂ ਕਿਤਾਬ ਘਪਲਾ ਹੈ ਅਤੇ ਦੂਜਾ ਦਾਨ ਘਪਲਾ। ਇਨ੍ਹਾਂ ਘਪਲਿਆਂ ਦਾ ਖੁਲਾਸਾ ਵੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਕੀਤਾ ਹੈ। ਸ਼ੰਟੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਕ ਆਡੀਓ ਟੇਪ ਵੀ ਜਾਰੀ ਕੀਤੀ ਹੈ, ਜਿਸ ਵਿਚ ਵੱਡਾ ਖੁਲਾਸਾ ਕੀਤਾ ਗਿਆ ਹੈ। ਇਸ ਵਿਚ ਦੋਸ਼ ਲਾਇਆ ਗਿਆ ਹੈ ਕਿ ਗੁਰਦੁਆਰਾ ਕਮੇਟੀ ਨੇ 21 ਅਪ੍ਰੈਲ 2017 ਨੂੰ ਸਕੂਲੀ ਬੱਚਿਆਂ ਨੂੰ ਜੋ 30,000 ਧਾਰਮਿਕ ਕਿਤਾਬਾਂ ਵੰਡਣ ਦਾ ਦਾਅਵਾ ਕੀਤਾ ਸੀ, ਅਸਲ ਵਿਚ ਉਹ ਛਪੀਆਂ ਹੀ ਨਹੀਂ। ਬਾਵਜੂਦ ਇਸ ਦੇ ਕਮੇਟੀ ਮੈਨੇਜਮੈਂਟ ਨੇ ਨਕਲੀ ਬਿੱਲ ਜ਼ਰੀਏ 14 ਲੱਖ ਰੁਪਏ ਡਕਾਰ ਲਏ। 

ਸ਼ੰਟੀ ਨੇ ਆਡੀਓ ਟੇਪ ਵਿਚ ਉਸ ਪ੍ਰਿੰਟਰ ਨਾਲ ਗੱਲਬਾਤ ਨੂੰ ਵੀ ਜਨਤਕ ਕੀਤਾ, ਜਿਸ 'ਚ ਪ੍ਰਿੰਟਰ ਬਾਵਾ ਇੰਟਰਨੈਸ਼ਨਲ ਨੇ ਸਵੀਕਾਰ ਕੀਤਾ ਕਿ ਅਪ੍ਰੈਲ 2017 ਵਿਚ ਅਸੀਂ ਕੋਈ ਕਿਤਾਬ ਨਹੀਂ ਛਾਪੀ। ਉਸ ਨੇ ਮੰਨਿਆ ਕਿ ਕਮੇਟੀ ਦੇ ਮੈਨੇਜਰ ਨੇ ਸਾਡੇ ਕੋਲੋਂ ਬਿੱਲ ਮੰਗਿਆ ਸੀ, ਕਮੇਟੀ ਦਾ ਹਿਸਾਬ ਐਡਜਸਟ ਕਰਨ ਲਈ। ਫਰਜ਼ੀ ਬਿੱਲ ਦੇ ਬਦਲੇ ਉਸ ਨੂੰ ਚੈੱਕ ਮਿਲਿਆ ਅਤੇ ਬਾਅਦ ਵਿਚ ਨਕਦੀ ਪੈਸੇ ਹੌਲੀ-ਹੌਲੀ ਕਰ ਕੇ ਕਮੇਟੀ ਮੈਨੇਜਰ ਨੂੰ ਦੇ ਦਿੱਤੇ। ਪ੍ਰਿੰਟਰ ਨੇ ਆਡੀਓ ਟੇਪ ਵਿਚ ਕਿਹਾ ਕਿ ਉਨ੍ਹਾਂ ਨਾਲ ਕੋਈ ਮਤਲਬ ਨਹੀਂ ਹੈ ਅਤੇ ਨਾ ਹੀ ਉਸ ਨੇ ਕਮੇਟੀ ਦੇ ਪੈਸੇ ਖਾਧੇ ਹਨ। ਮੇਰਾ ਕੋਈ ਦੋਸ਼ ਨਹੀਂ, ਮੈਂ ਤਾਂ ਸਿਰਫ ਵਿਚੋਲੀਏ, ਬਾਵਜੂਦ ਇਸ ਦੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੂੰ ਕਮੇਟੀ ਦੇ ਅਧਿਕਾਰੀਆਂ ਨੇ ਇਮੋਸ਼ਨਲ ਮਿਸ ਯੂਸ ਕੀਤਾ ਹੈ। ਸ਼ੰਟੀ ਨੇ ਦਾਅਵਾ ਕੀਤਾ ਕਿ ਕਮੇਟੀ ਮੈਨੇਜਮੈਂਟ ਨੇ ਘਪਲੇ ਕੀਤਾ ਹੈ। ਲਿਹਾਜ਼ਾ ਕਮੇਟੀ ਤੁਰੰਤ ਇਸ ਰਕਮ ਨੂੰ ਗੁਰੂ ਦੀ ਗੋਲਕ ਵਿਚ ਵਾਪਸ ਕਰੇ। ਸ਼ੰਟੀ ਨੇ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਿਲ ਕੇ ਮਨਜੀਤ ਸਿੰਘ ਜੀ. ਕੇ. ਨੂੰ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਉਤਾਰਨ ਤਾਂ ਹੀ ਗੁਰੂ ਦੀ ਗੋਲਕ ਸੁਰੱਖਿਅਤ ਹੋ ਸਕਦੀ ਹੈ। ਓਧਰ ਇਸ ਮਾਮਲੇ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਕਮੇਟੀ ਵਿਚ ਇਕ ਬਹਿਸ ਜ਼ਰੂਰ ਛਿੜ ਗਈ ਹੈ ਕਿ ਸ਼ੰਟੀ ਦੇ ਕੋਲ ਕਮੇਟੀ ਲਈ ਖੁਫੀਆ ਰਿਕਾਰਡ ਕਿਵੇਂ ਇਕ ਤੋਂ ਬਾਅਦ ਇਕ ਪਹੁੰਚ ਰਹੇ ਹਨ। 

24 ਲੱਖ ਰੁਪਏ ਦਾ ਦਾਨ ਘਪਲਾ—
ਇਸ ਤੋਂ ਇਲਾਵਾ ਗੁਰਮੀਤ ਸਿੰਘ ਸ਼ੰਟੀ ਨੇ 24 ਲੱਖ ਰੁਪਏ ਦਾ ਦਾਨ ਘਪਲਾ ਉਜਾਗਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ 22 ਜਨਵਰੀ 2018 ਨੂੰ ਇਕ ਮੇਜਰ ਜੋੜੇ ਨੇ ਕਮੇਟੀ ਅਤੇ ਗੁਰਦੁਆਰਿਆਂ ਦੇ ਕਰਮਚਾਰੀਆਂ ਦੀ ਵਰਦੀ ਲਈ 24 ਲੱਖ ਰੁਪਏ ਦਾਨ ਕੀਤੇ ਸਨ। ਇਸ ਦਾਨ ਪ੍ਰਕਿਰਿਆ ਵਿਚ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਸ਼ਾਮਲ ਸਨ। ਕਮੇਟੀ ਅਹੁਦੇਦਾਰਾਂ ਨੇ ਦਾਨਕਰਤਾ ਮੇਜਰ ਜੋੜੇ ਨੂੰ ਮੌਕੇ 'ਤੇ ਸਨਮਾਨਤ ਵੀ ਕੀਤਾ ਪਰ ਇਹ ਰਕਮ ਨਾ ਤਾਂ ਗੋਲਕ ਵਿਚ ਪਾਈ ਗਈ ਅਤੇ ਨਾ ਹੀ ਕਰਮਚਾਰੀਆਂ ਲਈ ਵਰਦੀ ਬਣਵਾਈ ਗਈ। ਸ਼ੰਟੀ ਨੇ ਇਸ ਮੌਕੇ 'ਤੇ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. 'ਤੇ ਸਵਾਲ ਚੁੱਕੇ ਕਿ ਦਾਨ ਕੀਤੀ ਗਈ ਰਕਮ ਦੀ ਰਸੀਦ ਕਿਉਂ ਨਹੀਂ ਕੱਟੀ ਗਈ, ਹੁਣ ਉਹ 24 ਲੱਖ ਰੁਪਏ ਕਿੱਥੇ ਹਨ?
 


Related News