ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਭੇਜਿਆ ਘਰ
Monday, Dec 09, 2024 - 09:45 AM (IST)
ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈ-ਮੇਲ ਜ਼ਰੀਏ ਮਿਲੀ ਹੈ, ਜਿਸ ਤੋਂ ਬਾਅਦ ਸਾਵਧਾਨੀ ਵਰਤਦੇ ਹੋਏ ਬੱਚਿਆਂ ਨੂੰ ਘਰ ਵਾਪਸ ਭੇਜ ਕੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਦੇ ਨਾਲ ਹੀ ਇਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ 7 ਵਜ ਕੇ 6 ਮਿੰਟ 'ਤੇ ਦਿੱਲੀ ਪਬਲਿਕ ਸਕੂਲ (ਡੀ. ਪੀ. ਐੱਸ.), ਆਰ. ਕੇ. ਪੁਰਮ ਅਤੇ ਜੀ. ਡੀ. ਗੋਇਨਕਾ, ਪੱਛਮੀ ਵਿਹਾਰ ਸਮੇਤ ਹੋਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ।
ਦਿੱਲੀ ਪੁਲਸ ਨੇ ਆਪਣੀ ਜਾਂਚ ਵਿਚ ਦੱਸਿਆ ਕਿ ਅੱਜ ਦਿੱਲੀ ਵਿਚ 40 ਤੋਂ ਵੱਧ ਸਕੂਲਾਂ ਨੂੰ ਈ-ਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਈ-ਮੇਲ ਵਿਚ ਲਿਖਿਆ ਹੈ ਕਿ ਮੈਂ ਸਕੂਲਾਂ ਦੀਆਂ ਇਮਾਰਤਾਂ ਦੇ ਅੰਦਰ ਕਈ ਬੰਬ ਲਾਏ ਹਨ। ਬੰਬ ਛੋਟੇ ਹਨ ਅਤੇ ਬਹੁਤ ਚੰਗੀ ਤਰ੍ਹਾਂ ਲੁਕਾਏ ਹੋਏ ਹਨ। ਇਸ ਤੋਂ ਇਮਾਰਤ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ ਪਰ ਬੰਬ ਫਟਣ 'ਤੇ ਕਈ ਲੋਕ ਜ਼ਖਮੀ ਹੋ ਜਾਣਗੇ। ਜੇਕਰ ਮੈਨੂੰ 30,000 ਡਾਲਰ ਨਹੀਂ ਮਿਲੇ ਤਾਂ ਮੈਂ ਬੰਬਾਂ ਨੂੰ ਬਲਾਸਟ ਕਰ ਦੇਵਾਂਗਾ।
ਡੌਗ ਸਕੁਐਡ, ਬੰਬ ਨਿਰੋਧਕ ਦਸਤੇ ਅਤੇ ਸਥਾਨਕ ਪੁਲਸ ਸਮੇਤ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਸਕੂਲਾਂ 'ਚ ਪਹੁੰਚ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।