ਦਿੱਲੀ ਦੰਗੇ : ਕੋਰਟ ਨੇ ਉਮਰ ਖਾਲਿਦ ਨੂੰ 22 ਅਕਤੂਬਰ ਤੱਕ ਨਿਆਇਕ ਹਿਰਾਸਤ ''ਚ ਭੇਜਿਆ
Thursday, Sep 24, 2020 - 04:15 PM (IST)
ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਫਰਵਰੀ 'ਚ ਉੱਤਰ-ਪੂਰਬੀ ਦਿੱਲੀ 'ਚ ਹੋਈ ਫਿਰਕੂ ਹਿੰਸਾ ਨਾਲ ਸੰਬੰਧਤ ਮਾਮਲੇ 'ਚ ਅੱਤਵਾਦ ਰੋਧੀ ਕਾਨੂੰਨ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਅਧੀਨ ਗ੍ਰਿਫ਼ਤਾਰ ਕੀਤੇ ਗਏ ਜੇ.ਐੱਨ.ਯੂ. ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਵੀਰਵਾਰ ਨੂੰ 22 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਪੁਲਸ ਹਿਰਾਸਤ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਖਾਲਿਦ ਨੂੰ ਵੀਡੀਓ ਕਾਨਫਰੰਸ ਰਾਹੀਂ ਸੈਸ਼ਨ ਜੱਜ ਅਮਿਤਾਭ ਰਾਵਤ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਖਾਲਿਦ ਨੂੰ 13 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਉਨ੍ਹਾਂ ਦੀ ਹੋਰ ਹਿਰਾਸਤ ਨਹੀਂ ਮੰਗੀ।
ਪੁਲਸ ਨੇ ਸ਼ਿਕਾਇਤ 'ਚ ਦਾਅਵਾ ਕੀਤਾ ਹੈ ਕਿ ਫਿਰਕੂ ਹਿੰਸਾ ਯੋਜਨਾਬੱਧ ਸਾਜਿਸ਼ ਸੀ, ਜਿਸ ਨੂੰ ਖਾਲਿਦ ਅਤੇ 2 ਹੋਰ ਲੋਕਾਂ ਨੇ ਅੰਜਾਮ ਦਿੱਤਾ ਸੀ। ਖਾਲਿਦ ਵਿਰੁੱਧ ਦੇਸ਼ਧ੍ਰੋਹ, ਕਤਲ, ਕਤਲ ਦੀ ਕੋਸ਼ਿਸ਼, ਧਰਮ ਦੇ ਆਧਾਰ 'ਤੇ ਵੱਖ-ਵੱਖ ਭਾਈਚਾਰਿਆਂ ਦਰਮਿਆਨ ਨਫ਼ਰਤ ਪੈਦਾ ਕਰਨ ਅਤੇ ਦੰਗਾ ਭੜਕਾਉਣ ਦੇ ਦੋਸ਼ਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਹੈ ਕਿ ਖਾਲਿਦ ਨੇ 2 ਵੱਖ-ਵੱਖ ਥਾਂਵਾਂ 'ਤੇ ਭੜਕਾਊ ਭਾਸ਼ਣ ਦਿੱਤੇ ਅਤੇ ਲੋਕਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯਾਤਰਾ ਦੌਰਾਨ ਸੜਕਾਂ 'ਤੇ ਉਤਰਨ ਅਤੇ ਉਨ੍ਹਾਂ ਨੂੰ ਜਾਮ ਕਰਨ ਦੀ ਅਪੀਲ ਕੀਤੀ ਤਾਂ ਕਿ ਅੰਤਰਰਾਸ਼ਟਰੀ ਪੱਧਰ 'ਤੇ ਇਹ ਗਲਤ ਪ੍ਰਚਾਰ ਕੀਤਾ ਜਾ ਸਕੇ ਕਿ ਭਾਰਤ 'ਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ।