600 ਕਿਮੀ. ਦਾ ਸਫਰ ਕਰਕੇ ਪਰਿਵਾਰ ਸਮੇਤ ਮਜ਼ਦੂਰ ਇੰਝ ਪਹੁੰਚਿਆ ਘਰ (ਤਸਵੀਰਾਂ)
Saturday, May 16, 2020 - 11:05 AM (IST)

ਛੱਤਰਪੁਰ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਦੇ ਮੱਦੇਨਜ਼ਰ ਦੇਸ਼ ਭਰ 'ਚ ਲਾਕਡਾਊਨ ਲਾਗੂ ਹੈ। ਇਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦਿਹਾੜੀਦਾਰ ਲੋਕ ਹੋਏ ਹਨ, ਜਿਨ੍ਹਾਂ ਨੂੰ ਲਾਕਡਾਊਨ ਕਰਕੇ ਆਪਣੇ ਰੋਜ਼-ਰੋਟੀ ਤੋਂ ਹੱਥ ਧੋਣੇ ਪੈਏ। ਆਪਣੇ ਹਾਲਾਤਾਂ ਤੋਂ ਤੰਗ ਆ ਕੇ ਮਜ਼ਦੂਰ ਪਰਿਵਾਰ ਨੇ ਆਪਣੇ ਘਰ ਨੂੰ ਵਾਪਸ ਪਰਤਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਖਸ ਨੇ ਪਤਨੀ ਸਮੇਤ ਬੱਚਿਆਂ ਨੂੰ ਨਾਲ ਲੈ ਕੇ ਰੇਹੜੀ ਰਾਹੀਂ 600 ਕਿਲੋਮੀਟਰ ਦਾ ਸਫਰ ਕਰ ਕੇ ਆਪਣੇ ਪਿੰਡ ਪਹੁੰਚਿਆ।
ਦਰਅਸਲ ਇੱਥੇ ਛੱਤਰਪੁਰ ਜ਼ਿਲੇ ਦੇ ਰਹਿਣ ਵਾਲੇ ਇਕ ਸ਼ਖਸ ਵਰਿੰਦਾਵਨ ਅਹਿਰਵਾਰ ਨੇ ਇਕ ਰੇਹੜੀ ਦਾ ਪ੍ਰਬੰਧ ਕੀਤਾ। ਉਸ ਨੇ ਰਿਕਸ਼ੇ ਰਾਹੀਂ ਆਪਣੀ ਪਤਨੀ ਸਮੇਤ ਬੱਚਿਆਂ ਅਤੇ ਘਰ ਦਾ ਥੋੜ੍ਹਾਂ ਜਿਹਾ ਸਾਮਾਨ ਲੈ ਕੇ ਰਾਤ ਦੇ ਹਨੇਰੇ 'ਚ ਦਿੱਲੀ ਤੋਂ ਚੱਲ ਪਿਆ। 5 ਦਿਨ ਅਤੇ 5 ਰਾਤਾਂ ਤੱਕ ਲਗਾਤਾਰ ਰੇਹੜੀ ਚਲਾ ਕੇ ਮਜ਼ਦੂਰ ਪਰਿਵਾਰ ਦੇ 5 ਜੀਆਂ ਦਾ ਬੋਝ ਰਿਕਸ਼ੇ 'ਤੇ ਘਸੀਟਦਾ ਹੋਇਆ ਸ਼ਖਸ ਸ਼ੁੱਕਰਵਾਰ ਨੂੰ ਆਪਣੇ ਪਿੰਡ ਪਹੁੰਚਿਆ।
ਰਸਤੇ 'ਚ ਮਿਲੇ ਮੈਡੀਕਲ ਕਰਮਚਾਰੀਆਂ ਨੂੰ ਆਪਣੀ ਦਰਦ ਭਰੀ ਦਾਸਤਾਨ ਸੁਣਾਉਂਦੇ ਹੋਏ ਉਸ ਨੇ ਕਿਹਾ ਕਿ ਲਾਕਡਾਊਨ ਦੌਰਾਨ ਮਕਾਨ ਮਾਲਕ ਪਰੇਸ਼ਾਨ ਕਰ ਰਿਹਾ ਸੀ ਪਰ ਉਨ੍ਹਾਂ ਕੋਲ ਨਾ ਤਾਂ ਪੈਸਾ ਸੀ ਅਤੇ ਨਾ ਹੀ ਖਾਣ ਲਈ ਅਨਾਜ , ਜਿਸ ਕਾਰਨ ਤੰਗ ਹੋ ਕੇ ਆਪਣੇ ਪਿੰਡ ਵਾਪਸ ਜਾ ਰਹੇ ਹਾਂ। ਅੰਤ ਪਿੰਡ ਪਹੁੰਚ ਕੇ ਮਜ਼ਦੂਰ ਵਰਿੰਦਾਵਨ ਨੇ ਹੁਣ ਦੁਬਾਰਾ ਦਿੱਲੀ ਵਾਪਸ ਨਾ ਜਾਣ ਦੀ ਗੱਲ ਕੀਤੀ ਹੈ।