ਦਿੱਲੀ ਪੀ. ਡਬਲਿਊ. ਡੀ. ਦਾ ਫੈਸਲਾ, ਮਾਨਸੂਨ ''ਚ ਛੁੱਟੀਆਂ ਬੰਦ
Sunday, Jun 21, 2020 - 09:44 PM (IST)
ਨਵੀਂ ਦਿੱਲੀ- ਸ਼ਹਿਰ ਵਿਚ ਮਾਨਸੂਨ ਦੀ ਦਸਤਕ ਤੋਂ ਪਹਿਲਾਂ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਨੇ ਹੁਕਮ ਦਿੱਤਾ ਹੈ ਕਿ ਇਸ ਦੌਰਾਨ ਮੁਰੰਮਤ ਇਕਾਈਆਂ 'ਚ ਤਾਇਨਾਤ ਕਿਸੇ ਵੀ 'ਫੀਲਡ ਸਟਾਫ' (ਖੇਤਰ ਵਿਚ ਕੰਮ ਕਰਨ ਵਾਲੇ ਕਰਮਚਾਰੀ) ਨੂੰ ਬਿਨਾ ਪਹਿਲਾਂ ਤੋਂ ਮਨਜ਼ੂਰੀ ਦੇ ਛੁੱਟੀ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ।
ਵਿਭਾਗ ਨੇ ਸ਼ਹਿਰ ਦੇ ਸਾਰੇ ਜਲ ਨਿਕਾਸੀ ਪੰਪਾਂ ਦੀ ਜਾਂਚ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ ਤਾਂ ਕਿ ਮਾਨਸੂਨ ਦੌਰਾਨ ਕਿਤੇ ਵੀ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਰਾਸ਼ਟਰੀ ਰਾਜਧਾਨੀ ਵਿਚ ਤਕਰੀਬਨ 1,250 ਕਿਲੋਮੀਟਰ ਦੀ ਸੜਕ ਦਾ ਰੱਖ-ਰਖਾਅ ਦਿੱਲੀ ਪੀ. ਡਬਲਿਊ. ਡੀ. ਤਹਿਤ ਆਉਂਦਾ ਹੈ। ਮਾਨਸੂਨ ਦੌਰਾਨ ਕਈ ਵਾਰ ਸੜਕਾਂ 'ਤੇ ਪਾਣੀ ਖੜ੍ਹਾ ਹੋਣ ਦੀ ਸ਼ਿਕਾਇਤ ਸਾਹਮਣੇ ਆਉਂਦੀ ਹੈ, ਜੋ ਕਿ ਜਾਮ ਦਾ ਕਾਰਨ ਬਣਦੀ ਹੈ। ਵਿਭਾਗ ਨੇ ਇਕ ਹੁਕਮ ਵਿਚ ਦੱਸਿਆ ਕਿ ਆਉਣ ਵਾਲੇ ਮਾਨਸੂਨ ਮੌਸਮ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਮੌਸਮ ਬਾਰੇ ਜਾਣਕਾਰੀ ਦੇਣ ਵਾਲੇ ਮਾਹਰਾਂ ਮੁਤਾਬਕ ਦਿੱਲੀ ਵਿਚ ਮਾਨਸੂਨ ਆਪਣੀ ਨਿਰਧਾਰਤ ਤਰੀਕ 27 ਜੂਨ ਤੋਂ 2-3 ਦਿਨ ਪਹਿਲਾਂ ਹੀ ਆਉਣ ਦੀ ਉਮੀਦ ਹੈ।