ਦਿੱਲੀ ਦੰਗਿਆਂ ਤੇ ਜਾਮੀਆ ਹਿੰਸਾ ਦੀ ਨਹੀਂ ਹੋਵੇਗੀ SIT ਜਾਂਚ, ਦਿੱਲੀ ਹਾਈ ਕੋਰਟ ਨੇ ਖਾਰਜ ਕੀਤੀਆਂ ਪਟੀਸ਼ਨਾਂ

Monday, Oct 05, 2026 - 06:23 PM (IST)

ਦਿੱਲੀ ਦੰਗਿਆਂ ਤੇ ਜਾਮੀਆ ਹਿੰਸਾ ਦੀ ਨਹੀਂ ਹੋਵੇਗੀ SIT ਜਾਂਚ, ਦਿੱਲੀ ਹਾਈ ਕੋਰਟ ਨੇ ਖਾਰਜ ਕੀਤੀਆਂ ਪਟੀਸ਼ਨਾਂ

ਨਵੀਂ ਦਿੱਲੀ,  (ਏਜੰਸੀ)-ਦਿੱਲੀ ਹਾਈ ਕੋਰਟ ਨੇ ਰਾਸ਼ਟਰੀ ਰਾਜਧਾਨੀ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਪ੍ਰਦਰਸ਼ਨਾਂ ਤੋਂ ਬਾਅਦ 2019 ਵਿਚ ਜਾਮੀਆ ਮਿੱਲੀਆ ਇਸਲਾਮੀਆ ਵਿਚ ਹੋਈ ਹਿੰਸਾ ਅਤੇ 2020 ਵਿਚ ਹੋਏ ਦਿੱਲੀ ਦੰਗਿਆਂ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਤੋਂ ਜਾਂਚ ਕਰਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਸੋਮਵਾਰ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਇਨ੍ਹਾਂ ਪਟੀਸ਼ਨਾਂ ’ਤੇ 24 ਜੁਲਾਈ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

ਉੱਤਰ-ਪੂਰਬੀ ਦਿੱਲੀ ਦੰਗਿਆਂ ਦੇ ਮਾਮਲੇ ਵਿਚ ਅਦਾਲਤ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.), ਜਾਂਚ ਕਮਿਸ਼ਨ ਜਾਂ ਤੱਥਾਂ ਦਾ ਪਤਾ ਲਗਾਉਣ ਵਾਲੀ ਕਮੇਟੀ ਗਠਿਤ ਕਰਨ, ਡਾਕਟਰੀ ਇਲਾਜ ਉਪਲਬਧ ਕਰਵਾਉਣ, ਮੁਆਵਜ਼ਾ ਦੇਣ ਅਤੇ ਮੁਲਜ਼ਮ ਪੁਲਸ ਅਧਿਕਾਰੀਆਂ ਵਿਰੁੱਧ ਐੱਫ. ਆਈ. ਆਰ. ਦਰਜ਼ ਕਰਨ ਦਾ ਹੁਕਮ ਦੇਣ ਦੀ ਮੰਗ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ।

ਕੁਝ ਪਟੀਸ਼ਨਾਂ ਵਿਚ ਕਥਿਤ ਭੜਕਾਊ ਭਾਸ਼ਣ ਦੇਣ ਵਾਲੇ ਨੇਤਾਵਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੀ ਅਪੀਲ ਵੀ ਕੀਤੀ ਗਈ ਸੀ। ਨਾਲ ਹੀ, ਦੰਗਿਆਂ ਵਿਚ ਹੋਈ ਹਿੰਸਾ ਅਤੇ ਪੁਲਸ ਅਧਿਕਾਰੀਆਂ ਵਿਰੁੱਧ ਐੱਫ. ਆਈ. ਆਰ. ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਗਠਿਤ ਕਰਨ ਦੀ ਮੰਗ ਕੀਤੀ ਗਈ ਸੀ। ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨਾਂ ਵਿਚਾਲੇ 24 ਫਰਵਰੀ, 2020 ਨੂੰ ਉੱਤਰ-ਪੂਰਬੀ ਦਿੱਲੀ ਵਿਚ ਫ਼ਿਰਕੂ ਹਿੰਸਾ ਭੜਕ ਉੱਠੀ ਸੀ, ਜਿਸ ਵਿਚ ਘੱਟੋ-ਘੱਟ 53 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਲੱਗਭਗ 700 ਲੋਕ ਜ਼ਖ਼ਮੀ ਹੋਏ ਸਨ।


author

Shubam Kumar

Content Editor

Related News