ਦਿੱਲੀ ਪੁਲਸ ਨੇ ਡਰੱਗ ਸਪਲਾਈ ਕਰਨ ਵਾਲੇ 2 ਅਫਗਾਨੀ ਕੀਤੇ ਗ੍ਰਿਫਤਾਰ
Saturday, Apr 14, 2018 - 09:14 PM (IST)
ਨਵੀਂ ਦਿੱਲੀ— ਦਿੱਲੀ ਪੁਲਸ ਨੇ ਇਕ ਇੰਟਰਨੈਸ਼ਨਲ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 2 ਅਫਗਾਨੀ ਨਾਗਰਿਕਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ। ਦੋਵੇ ਅਫਗਾਨੀ ਉੱਚ ਪੱਧਰ ਦੀ ਹੈਰੋਇਨ ਅਤੇ ਡਰੱਗਜ਼ ਨਾਲ ਭਰੇ ਕੈਪਸੂਲ ਪੇਟ 'ਚ ਲੁਕੋ ਕੇ ਦਿੱਲੀ ਲਿਆਏ ਸਨ। ਪੁਲਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 60 ਕੈਪਸੂਲ ਬਰਾਮਦ ਕੀਤੇ ਹਨ। ਜਿਨ੍ਹਾਂ 'ਚ 475 ਗ੍ਰਾਮ ਹੈਰੋਇਨ ਅਤੇ 425 ਗ੍ਰਾਮ ਮੈਥਾਕਵਾਲੋਨ ਭਰਿਆ ਸੀ।
ਦੋਸ਼ੀਆਂ ਦੀ ਪਛਾਣ ਅਬਦੁਲ ਸਲਾਮ ਰਹਿਮਾਨੀ ਅਤੇ ਅਬਦੁਲ ਹਾਕਿਮ ਜੁਨੈਦੀ ਦੇ ਰੂਪ 'ਚ ਹੋਈ ਹੈ। ਇਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਚੱਲਿਆ ਹੈ ਕਿ ਇਨ੍ਹਾਂ ਨੂੰ ਡਰੱਗ ਦੀ ਖੇਪ ਦਿੱਲੀ ਲਿਆਉਣ ਲਈ ਢਾਈ ਹਜ਼ਾਰ ਅਮੀਰਕਨ ਡਾਲਰ ਮਿਲੇ ਸਨ। ਇਨ੍ਹਾਂ ਦੇ ਹੈਂਡਲਰ ਨੇ ਵਾਅਦਾ ਕੀਤਾ ਸੀ ਕਿ ਪਹਿਲੀ ਖੇਪ ਦੀ ਡਿਲੀਵਰੀ ਕਰਨ ਤੋਂ ਬਾਅਦ ਹੋਰ ਪੈਸੇ ਮਿਲਣਗੇ।
ਫੜ੍ਹੇ ਗਏ ਦੋਸ਼ੀਆਂ 'ਚੋਂ ਇਕ ਅਫਗਾਨਿਸਤਾਨ 'ਚ ਰਿਕਸ਼ਾ ਚਲਾਉਂਦਾ ਹੈ, ਜਦਕਿ ਦੂਜਾ ਡਿਪਾਰਟਮੈਂਟਲ ਸਟੋਰ ਦਾ ਮਾਲਕ ਹੈ। ਲਾਜਪਤ ਨਗਰ ਇਲਾਕੇ 'ਚ ਅਫਗਾਨਿਸਤਾਨ ਦੇ ਕਾਫੀ ਲੋਕ ਰਹਿੰਦੇ ਹਨ। ਇਹ ਦੋਸ਼ੀ ਉਨ੍ਹਾਂ ਨੂੰ ਮਿਲਣ ਦੇ ਬਹਾਨੇ ਇਥੇ ਡਰੱਗਜ਼ ਦੀ ਸਪਲਾਈ ਕਰਨ ਵਾਲੇ ਸਨ।