ਰਾਹਤ : ਦਿੱਲੀ ਪਹੁੰਚੀ ਆਕਸੀਜਨ ਐਕਸਪ੍ਰੈੱਸ, ਟੈਂਕਰਾਂ ਨਾਲ ਹਸਪਤਾਲਾਂ ''ਚ ਪਹੁੰਚਾਏਗੀ ਕੇਜਰੀਵਾਲ ਸਰਕਾਰ
Tuesday, Apr 27, 2021 - 10:00 AM (IST)
 
            
            ਨਵੀਂ ਦਿੱਲੀ- ਦਿੱਲੀ ਲਈ ਕਰੀਬ 70 ਟਨ ਆਕਸੀਜਨ ਨਾਲ ਪਹਿਲੀ ਆਕਸੀਜਨ ਐਕਸਪ੍ਰੈੱਸ ਟਰੇਨ ਮੰਗਲਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਪਹੁੰਚ ਗਈ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਆਕਸੀਜਨ ਨੂੰ ਹੁਣ ਕੇਜਰੀਵਾਲ ਸਰਕਾਰ ਟੈਂਕਰਾਂ ਰਾਹੀਂ ਵੱਖ-ਵੱਖ ਹਸਪਤਾਲਾਂ ਨੂੰ ਪਹੁੰਚਾਏਗੀ। ਰੇਲ ਮੰਤਰੀ ਪੀਊਸ਼ ਗੋਇਲ ਨੇ ਟਵੀਟ ਕੀਤਾ,''ਰਾਸ਼ਟਰੀ ਰਾਜਧਾਨੀ 'ਚ ਮਰੀਜ਼ਾਂ ਲਈ ਆਕਸੀਜਨ ਨਾਲ ਛੱਤੀਸਗੜ੍ਹ ਦੇ ਰਾਏਗੜ੍ਹ ਤੋਂ ਆਕਸੀਜਨ ਐਕਸਪ੍ਰੈੱਸ ਦਿੱਲੀ ਪਹੁੰਚ ਗਈ ਹੈ। ਭਾਰਤੀ ਰੇਲ ਕੋਵਿਡ-19 ਵਿਰੁੱਧ ਸਾਡੀ ਜੰਗ 'ਚ ਕੋਈ ਕਸਰ ਨਹੀਂ ਛੱਡੇਗੀ ਅਤੇ ਦੇਸ਼ ਭਰ 'ਚ ਜੀਵਨਦਾਨੀ ਸਰੋਤਾਂ ਦੀ ਪੂਰੀ ਉਪਲੱਬਧਤਾ ਯਕੀਨੀ ਕਰੇਗੀ।''
ਇਹ ਵੀ ਪੜ੍ਹੋ : ਆਕਸੀਜਨ ਟੈਂਕਰ ਲਿਆਉਣ ਲਈ ਹਵਾਈ ਫੌਜ ਨੇ ਕੀਤੀ ਮਦਦ, ਦੁਬਈ ਤੋਂ ਲਿਆਂਦੇ ਗਏ 6 ਕ੍ਰਾਇਓਜੈਨਿਕ ਟੈਂਕਰ
ਇਸ ਤੋਂ ਪਹਿਲਾਂ ਰੇਲਵੇ ਨੇ ਕਿਹਾ ਸੀ ਕਿ ਉਸ ਨੇ ਅੰਗੁਲ, ਕਲਿੰਗਨਗਰ, ਰਾਊਰਕੇਲਾ ਅਤੇ ਰਾਏਗੜ੍ਹ ਤੋਂ ਦਿੱਲੀ ਅਤੇ ਐੱਨ.ਸੀ.ਆਰ. ਖੇਤਰ ਲਈ ਮੈਡੀਕਲ ਆਕਸੀਜਨ ਪਹੁੰਚਾਉਣ ਦੀ ਯੋਜਨਾ ਤਿਆਰ ਕੀਤੀ ਹੈ। ਹਾਲਾਂਕਿ ਰਾਸ਼ਟਰੀ ਰਾਜਧਾਨੀ 'ਚ ਅਜਿਹੀ ਦੂਜੀ ਟਰੇਨ ਦੇ ਪਹੁੰਚਣ ਦੀ ਕੋਈ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਸਰਕਾਰ ਨੂੰ ਹਸਪਤਾਲਾਂ ਤੱਕ ਆਕਸੀਜਨ ਪਹੁੰਚਾਉਣ ਲਈ ਸੜਕ ਮਾਰਗ ਤੋਂ ਟੈਂਕਰਾਂ ਦਾ ਇੰਤਜ਼ਾਮ ਕਰਨਾ ਹੋਵੇਗਾ। ਸਿਹਤ ਵਿਭਾਗ ਵਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਦਿੱਲੀ 'ਚ ਸੋਮਵਾਰ ਨੂੰ ਇਕ ਦਿਨ 'ਚ ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਅਤੇ 380 ਲੋਕਾਂ ਦੀ ਮੌਤ ਹੋਈ, ਜਦੋਂ ਕਿ ਇਨਫੈਕਸ਼ਨ ਦਰ 35 ਫੀਸਦੀ ਤੋਂ ਉੱਪਰ ਰਹੀ।
ਇਹ ਵੀ ਪੜ੍ਹੋ : ਕੇਜਰੀਵਾਲ ਸਰਕਾਰ ਖਾਤੇ 'ਚ ਪਾ ਰਹੀ ਹੈ 5-5 ਹਜ਼ਾਰ ਰੁਪਏ, ਇੰਨੇ ਲੱਖ ਮਜ਼ਦੂਰਾਂ ਨੂੰ ਮਿਲੇਗਾ ਲਾਭ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            