ਦਿੱਲੀ : ਮੈਟਰੋ ਅੱਗੇ ਛਾਲ ਮਾਰ ਵਿਅਕਤੀ ਨੇ ਕੀਤੀ ਖੁਦਕੁਸ਼ੀ
Tuesday, Jan 15, 2019 - 09:50 PM (IST)
ਨਵੀਂ ਦਿੱਲੀ— ਦਿੱਲੀ ਮੈਟਰੋ ਦੇ ਸਾਰੇ ਉਪਾਵਾਂ ਦੇ ਬਾਵਜੂਦ ਸਟੇਸ਼ਨਾਂ 'ਤੇ ਖੁਦਕੁਸ਼ੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੰਗਲਵਾਰ ਸਵੇਰੇ ਰਾਜੀਵ ਚੌਕ ਸਟੇਸ਼ਨ 'ਤੇ 45 ਸਾਲਾਂ ਵਿਅਕਤੀ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਘਟਨਾ ਮੰਗਲਵਾਰ ਸਵੇਰੇ ਉਸ ਸਮੇਂ ਵਾਪਰੀ ਜਦੋਂ ਦਵਾਰਕਾ ਤੋਂ ਨੋਏਡਾ ਜਾਣ ਵਾਲੀ ਬਲੂ ਲਾਈਨ ਮੈਟਰੋ ਹੇਠਾਂ ਛਾਲ ਮਾਰ ਕੇ 45 ਸਾਲਾਂ ਵਿਅਕਤੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਕਾਰਨ ਉਕਤ ਮੈਟਰੋ ਦੀ ਸੇਵਾ 15-20 ਮਿੰਟ ਪ੍ਰਭਾਵਿਤ ਰਹੀ।
ਇਸ ਬਾਰੇ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ 9:30 ਵਜੇ ਘਟਨਾ ਦੀ ਸੂਚਨਾ ਮਿਲੀ, ਜਿਸ ਉਪਰੰਤ ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਉਕਤ ਵਿਅਕਤੀ ਨੂੰ ਲੇਡੀ ਹਾਰਡਿੰਗ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪ੍ਰਮੋਦ ਕੁਮਾਰ ਵਾਸੀ ਸਿਰਸਾਪੁਰ ਵਜੋਂ ਹੋਈ ਹੈ ਜੋ ਕਿ ਰੋਹਿਨੀ ਦੇ ਈ.ਐੱਸ.ਆਈ. ਹਸਪਤਾਲ 'ਚ ਕੰਮ ਕਰਦਾ ਸੀ ਪਰ ਕੁਝ ਸਮਾਂ ਪਹਿਲਾਂ ਉਸ ਨੇ ਨੌਕਰੀ ਛੱਡ ਦਿੱਤੀ ਸੀ ਤੇ ਪੰਜ ਸਾਲਾਂ ਤੋਂ ਉਹ ਆਪਣੀ ਪਤਨੀ ਤੋਂ ਵੱਖ ਰਹਿੰਦਾ ਸੀ। ਉਸ ਦੀ ਕੋਈ ਔਲਾਦ ਵੀ ਨਾ ਹੋਣ ਕਾਰਨ ਉਹ ਇਕੱਲਾ ਰਹਿੰਦਾ ਸੀ। ਮੰਗਲਵਾਰ ਸਵੇਰੇ ਉਹ ਨੋਏਡਾ ਕੰਮ ਦੀ ਤਲਾਸ਼ ਲਈ ਜਾ ਰਿਹਾ ਸੀ ਪਰ ਉਸ ਨੇ ਨੋਏਡਾ ਸਿਟੀ ਸੈਂਟਰ ਵੱਲ ਜਾਣ ਵਾਲੀ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਡਿਪਟੀ ਕਮਿਸ਼ਨਰ (ਦਿੱਲੀ ਮੈਟਰੋ) ਦਿਨੇਸ਼ ਗੁਪਤਾ ਦਾ ਕਹਿਣਾ ਹੈ ਕਿ ਪੁਲਸ ਵਲੋਂ ਮੈਟਰੋ ਸਟੇਸ਼ਨ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
