ਦਿੱਲੀ ''ਚ 18-44 ਸਾਲ ਉਮਰ ਵਰਗ ਲਈ ਸਾਰੇ 400 ਥਾਂਵਾਂ ''ਤੇ ਟੀਕਾਕਰਨ ਰੋਕਿਆ ਗਿਆ : ਸਿਸੋਦੀਆ
Monday, May 24, 2021 - 03:07 PM (IST)
ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਕਿਹਾ ਕਿ ਫਾਈਜ਼ਰ ਅਤੇ ਮਾਡਰਨਾ ਨੇ ਕੋਰੋਨਾ ਵਾਇਰਸ ਦੇ ਟੀਕੇ ਸਿੱਧੇ ਦਿੱਲੀ ਸਰਕਾਰ ਨੂੰ ਵੇਚਣ ਤੋਂ ਮਨ੍ਹਾ ਕਰ ਦਿੱਤਾ ਹੈ ਅਤੇ ਇਨ੍ਹਾਂ ਕੰਪਨੀਆਂ ਨੇ ਕਿਹਾ ਹੈ ਕਿ ਉਹ ਸਿਰਫ਼ ਕੇਂਦਰ ਨਾਲ ਗੱਲ ਕਰਨਗੀਆਂ। ਸਿਸੋਦੀਆ ਨੇ ਆਨਲਾਈਨ ਬ੍ਰੀਫਿੰਗ 'ਚ ਕਿਹਾ ਕਿ ਦਿੱਲੀ 'ਚ ਟੀਕੇ ਖ਼ਤਮ ਹੋਣ ਤੋਂ ਬਾਅਦ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਲਈ ਸਾਰੇ 400 ਟੀਕਾਕਰਨ ਕੇਂਦਰ ਬੰਦ ਕਰ ਦਿੱਤੇ ਗਏ ਹਨ, ਉੱਥੇ ਹੀ 45 ਸਾਲ ਤੋਂ ਵੱਧ ਉਮਰ ਦੇ ਲੋਕਾਂ, ਸਿਹਤ ਕਾਮਿਆਂ ਅਤੇ ਫਰੰਟਲਾਈਨ 'ਤੇ ਕੰਮ ਕਰਨ ਵਾਲੇ ਲੋਕਾਂ ਲਈ ਕੋਵੈਕਸੀਨ ਦੇ ਕੇਂਦਰਾਂ ਨੂੰ ਵੀ ਟੀਕਿਆਂ ਦੀ ਘਾਟ ਕਾਰਨ ਬੰਦ ਕਰ ਦਿੱਤਾ ਗਿਆ ਹੈ।
ਸਿਸੋਦੀਆ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਇਸ ਸਮੇਂ ਟੀਕਾਕਰਨ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੇ ਮਾਡਰਨਾ, ਫਾਈਜ਼ਰ ਅਤੇ ਜਾਨਸਨ ਐਂਡ ਜਾਨਸਨ ਕੰਪਨੀਆਂ ਨਾਲ ਟੀਕਿਆਂ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ,''ਫਾਈਜ਼ਰ ਅਤੇ ਮਾਡਰਨਾ ਨੇ ਸਾਨੂੰ ਸਿੱਧੇ ਟੀਕੇ ਵੇਚਣ ਤੋਂ ਇਨਕਾਰ ਕਰ ਦਿੱਤਾ ਹੈਅਤੇ ਦੱਸਿਆ ਹੈ ਕਿ ਉਹ ਕੇਂਦਰ ਨਾਲ ਗੱਲ ਕਰ ਰਹੀਆਂ ਹਨ। ਕੇਂਦਰ ਨੇ ਫਾਈਜ਼ਰ ਅਤੇ ਮਾਡਰਨਾ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ, ਉੱਥੇ ਹੀ ਪੂਰੀ ਦੁਨੀਆ 'ਚ ਇਨ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਦੇਸ਼ਾਂ ਨੇ ਉਨ੍ਹਾਂ ਨੂੰ ਖਰੀਦਿਆ ਹੈ।''
ਸਿਸੋਦੀਆ ਨੇ ਕਿਹਾ ਕਿ ਕੁਝ ਦੇਸ਼ਾਂ ਨੇ ਪ੍ਰੀਖਣ ਦੇ ਪੱਧਰ 'ਤੇ ਹੀ ਟੀਕਿਆਂ ਨੂੰ ਖਰੀਦ ਲਿਆ ਪਰ ਭਾਰਤ ਨੇ ਇਸ ਦਿਸ਼ਾ 'ਚ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ,''ਅਸੀਂ 2020 'ਚ ਸਪੂਤਨਿਕ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਪਿਛਲੇ ਮਹੀਨੇ ਤੋਂ ਹੀ ਇਸ ਨੂੰ ਮਨਜ਼ੂਰੀ ਦਿੱਤੀ।'' ਸਿਸੋਦੀਆ ਨੇ ਕੇਂਦਰ ਸਰਕਾਰ ਨੂੰ ਫਾਈਜ਼ਰ ਅਤੇ ਮੋਡਰਨਾ ਨਾਲ ਸੰਪਰਕ ਕਰਨ ਲਈ ਕਹਿਣ ਦੀ ਬਜਾਏ ਯੁੱਧ ਪੱਧਰ 'ਤੇ ਇਨ੍ਹਾਂ ਨੂੰ ਮਨਜ਼ੂਰੀ ਦੇਣ। ਅਜਿਹਾ ਨਾ ਹੋਵੇ ਕਿ ਜਦੋਂ ਤੱਕ ਅਸੀਂ ਟੀਕਾ ਲਗਾਈਏ, ਉਦੋਂ ਤੱਕ ਟੀਕਾ ਲਗਵਾ ਚੁਕੇ ਲੋਕਾਂ ਦੇ ਐਂਟੀਬਾਡੀ ਵੀ ਖ਼ਤਮ ਹੋ ਜਾਣ ਅਤੇ ਉਨ੍ਹਾਂ ਨੂੰ ਮੁੜ ਟੀਕਾ ਲਗਵਾਉਣ ਦੀ ਜ਼ਰੂਰਤ ਪੈ ਜਾਵੇ।''