ਦਿੱਲੀ ’ਚ ਬਾਜ ਨਹੀਂ ਆ ਰਹੇ ਲੋਕ, ਤਾਲਾਬੰਦੀ ਤੋਂ ਬਾਅਦ ਵੀ ਸਬਜ਼ੀ ਮੰਡੀ ’ਚ ਲੱਗੀ ਭਾਰੀ ਭੀੜ

Tuesday, Apr 20, 2021 - 11:04 AM (IST)

ਦਿੱਲੀ ’ਚ ਬਾਜ ਨਹੀਂ ਆ ਰਹੇ ਲੋਕ, ਤਾਲਾਬੰਦੀ ਤੋਂ ਬਾਅਦ ਵੀ ਸਬਜ਼ੀ ਮੰਡੀ ’ਚ ਲੱਗੀ ਭਾਰੀ ਭੀੜ

ਨਵੀਂ ਦਿੱਲੀ– ਕੋਰੋਨਾ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਅਤੇ ਉਨ੍ਹਾਂ ਕਾਰਨ ਸਿਹਤ ਪ੍ਰਣਾਲੀ ’ਤੇ ਪੈ ਰਹੇ ਭਾਰ ਦੇ ਮੱਦੇਨਜ਼ਰ ਦਿੱਲੀ ’ਚ ਸੋਮਵਾਰ ਰਾਤ 10 ਵਜੇ ਤੋਂ 26 ਅਪ੍ਰੈਲ ਸਵੇਰੇ 5 ਵਜੇ ਤਕ 6 ਦਿਨਾਂ ਦੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ, ਇਸ ਸਭ ਦੇ ਬਾਵਜੂਦ ਲੋਕ ਬਾਜ ਨਹੀਂ ਆ ਰਹੇ। ਅੱਜ ਸੇਵੇਰੇ ਵੱਡੀ ਗਿਣਤੀ ’ਚ ਲੋਕ ਦਰਿਆਗੰਜ ਦੀ ਸਬਜ਼ੀ ਮੰਡੀ ’ਚ ਖ਼ਰੀਦਦਾਰੀ ਕਰਨ ਪਹੁੰਚ ਗਏ। 

 

ਸਵੇਰ ਹੁੰਦੇ ਹੀ ਸਬਜ਼ੀ ਮੰਡੀ ’ਚ ਖਰੀਦਾਰਾਂ ਦੀ ਭੀੜ ਲੱਗ ਗਈ। ਮੁੱਖ ਸੜਕਾਂ ’ਤੇ ਆਵਾਜਾਈ ਵਧਨ ਨਾਲ ਥਾਂ-ਥਾਂ ਜਾਮ ਦੀ ਸਥਿਤੀ ਬਣੀ ਹੋਈ ਹੈ। ਉਧਰ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ-ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ। ਸ਼ਰਾਬ ਦੇ ਸ਼ੌਕੀਨ ਤੇਜ਼ ਧੁੱਪ ’ਚ ਘੰਟਿਆਂ ਤਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਦਿਸੇ। ਕੁਝ ਸਥਾਨਾਂ ’ਤੇ ਤਾਂ ਲੋਕ ਲਾਈਨਾਂ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਦਿਸੇ। 

ਉਥੇ ਹੀ ਇਸ ਤੋਂ ਪਹਿਲਾਂ ਆਨੰਦ ਵਿਹਾਰ ਆਈ.ਐੱਸ.ਬੀ.ਟੀ. ’ਤੇ ਹਜ਼ਾਰਾਂਲੋਕਾਂ ਨੂੰ ਆਪਣੇ ਘਰ ਰਵਾਨਾ ਹੋਣ ਲਈ ਬੱਸ ਫੜਨ ਦੀ ਕੋਸ਼ਿਸ਼ ਕਰਦੇ ਵੇਖਿਆ ਗਿਆ। ਰੇਲਵੇ ਸਟੇਸ਼ਨ ’ਤੇ 5,000 ਤੋਂ ਵਧ ਲੋਕਾਂ ਦੇ ਪਹੁੰਚਣ ਦੀ ਖਬਰ ਸਾਹਮਣੇ ਆਈ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਦਿਨ ’ਚ ਤਾਲਾਬੰਦੀ ਦਾ ਐਲਾਨ ਕਰਦੇ ਹੋਏ ਰਾਜਧਾਨੀ ’ਚ ਰਹਿਣ ਵਾਲੇ ਬਾਹਰੀ ਕੰਮਗਾਰਾਂ ਨੂੰ ਅਪੀਲ ਕੀਤੀ ਸੀ ਕਿ ਇਹ ਤਾਲਾਬੰਦੀ ਛੋਟੀ ਰਹਿਣ ਦੀ ਉਮੀਦ ਹੈ, ਇਸ ਲਈ ਉਹ ਦਿੱਲੀ ਛੱਡ ਕੇ ਨਾ ਜਾਣ। ਪਿਛਲੇ ਸਾਲ ਵੀ ਦੇਸ਼ ’ਚ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਦਿੱਲੀ ’ਚ ਕੰਮ ਕਰਨ ਵਾਲੇ ਬਿਹਾਰ, ਉੱਤਰ-ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਪ੍ਰਵਾਸੀਆਂ ਨੂੰ ਬੱਸਾਂ,  ਹੋਰ ਵਾਹਨਾਂ ਅਤੇ ਇਥੋਂ ਤਕ ਕਿ ਪੈਦਲ ਵੀ ਆਪਣੇ ਘਰਾਂ ਨੂੰ ਪਰਤਦੇ ਵੇਖਿਆ ਗਿਆ ਸੀ।


author

Rakesh

Content Editor

Related News