ਦੌੜੇਗੀ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ, ਵਪਾਰਕ ਸੰਚਾਲਨ ਲਈ ਬੁਕਿੰਗ ਸ਼ੁਰੂ
Sunday, Sep 29, 2019 - 05:46 PM (IST)

ਨਵੀਂ ਦਿੱਲੀ (ਭਾਸ਼ਾ)— ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਦਾ 5 ਅਕਤੂਬਰ ਤੋਂ ਵਪਾਰਕ ਸੰਚਾਲਨ ਹੋਵੇਗਾ ਅਤੇ ਟਿਕਟਾਂ ਦੀ ਬੁਕਿੰਗ ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ 'ਤੇ ਸ਼ੁਰੂ ਹੋ ਗਈ ਹੈ। ਇਹ ਜਾਣਕਾਰੀ ਰੇਲਵੇ ਨੇ ਐਤਵਾਰ ਨੂੰ ਦਿੱਤੀ। ਇੱਥੇ ਦੱਸ ਦੇਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ 3 ਅਕਤੂਬਰ ਨੂੰ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣਗੇ।
ਹਾਈ ਸਪੀਡ (ਤੇਜ਼ ਰਫਤਾਰ) ਟਰੇਨ ਚੱਲਣ ਨਾਲ ਦਿੱਲੀ ਅਤੇ ਕਟੜਾ ਵਿਚਾਲੇ ਯਾਤਰਾ ਦਾ ਸਮਾਂ 12 ਘੰਟੇ ਤੋਂ ਘੱਟ ਹੋ ਕੇ 8 ਘੰਟੇ ਰਹਿ ਜਾਵੇਗਾ। ਇਸ ਟਰੇਨ ਦਾ ਆਖਰੀ ਸਟੇਸ਼ਨ ਜੰਮੂ, ਮਾਤਾ ਵੈਸ਼ਨੋ ਦੇਵੀ ਮੰਦਰ ਹੋਵੇਗਾ। ਦੱਸਣਯੋਗ ਹੈ ਕਿ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਵਾਰਾਣਸੀ ਮਾਰਗ 'ਤੇ ਹਰੀ ਝੰਡੀ ਦਿਖਾਈ ਸੀ।