ਸਹੁਰੇ ਘਰ ਰਹਿਣ ਦੇ ਅਧਿਕਾਰ ’ਚ ਸੁਰੱਖਿਅਤ ਅਤੇ ਸਿਹਤਮੰਦ ਜੀਵਨ ਵੀ ਸ਼ਾਮਲ : ਦਿੱਲੀ ਹਾਈ
Thursday, Apr 06, 2023 - 11:11 AM (IST)

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਕਿਹਾ ਕਿ ਘਰੇਲੂ ਹਿੰਸਾ ਕਾਨੂੰਨ ਖਿਲਾਫ ਸਹੁਰੇ ਘਰ ’ਚ ਰਹਿਣ ਦੇ ਅਧਿਕਾਰਾਂ ’ਚ ‘ਸੁਰੱਖਿਅਤ ਅਤੇ ਸਿਹਤਮੰਦ ਜੀਵਨ’ ਵੀ ਸ਼ਾਮਲ ਹੈ।
ਹਾਈ ਕੋਰਟ ਦੀ ਇਹ ਟਿੱਪਣੀ ਹੇਠਲੀ ਅਦਾਲਤ ਦੇ ਹੁਕਮਾਂ ਖਿਲਾਫ ਇਕ ਔਰਤ ਦੀ ਪਟੀਸ਼ਨ ’ਤੇ ਆਈ ਹੈ। ਹੇਠਲੀ ਅਦਾਲਤ ਨੇ ਉਸ ਦੇ ਪਤੀ ਅਤੇ ਸੱਸ ਵਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਸਬੰਧੀ ਔਰਤ ਦੇ ਦੋਸ਼ਾਂ ਨੂੰ ਲੈ ਕੇ ਉਸ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਔਰਤ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਪਤੀ ਅਤੇ ਸੱਸ ਉਸ ਨੂੰ ਪ੍ਰੇਸ਼ਾਨ ਕਰਨ ਅਤੇ ਮਾਨਸਿਕ ਤੌਰ ’ਤੇ ਪੀੜਤ ਕਰਨ ਲਈ ਸਾਂਝੇ ਘਰ ’ਚ 10 ਅਵਾਰਾ ਕੁੱਤਿਆਂ ਨੂੰ ਖਾਣਾ ਖੁਆਉਂਦੇ ਹਨ।
ਜੱਜ ਤੁਸ਼ਾਰ ਰਾਓ ਗਦੇਲਾ ਨੇ ਔਰਤ ਦੀ ਪਟੀਸ਼ਨ ’ਤੇ ਨੋਟਿਸ ਜਾਰੀ ਕੀਤਾ ਅਤੇ ਕਿਹਾ ਕਿ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ-2005 ਦੀਆਂ ਵਿਵਸਥਾਵਾਂ ਤਹਿਤ ਸਹੁਰੇ ਘਰ ’ਚ ਰਹਿਣ ਦੇ ਅਧਿਕਾਰ ’ਚ ‘ਸੁਰੱਖਿਆ ਅਤੇ ਸਿਹਤਮੰਦ ਜੀਵਨ’ ਦੀ ਪਰਿਭਾਸ਼ਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਲਈ ਇਸ ਅਦਾਲਤ ਦੇ ਦਖਲ ਦੀ ਲੋੜ ਹੈ।