ਹਾਈ ਕੋਰਟ ਨੇ ਯੂਟਿਊਬਰ ਨੂੰ ਰਾਮ ਰਹੀਮ ਦਾ ਅਪਮਾਨਜਨਕ ਵੀਡੀਓ ਹਟਾਉਣ ਦਾ ਦਿੱਤਾ ਆਦੇਸ਼

Thursday, Jan 11, 2024 - 10:41 AM (IST)

ਹਾਈ ਕੋਰਟ ਨੇ ਯੂਟਿਊਬਰ ਨੂੰ ਰਾਮ ਰਹੀਮ ਦਾ ਅਪਮਾਨਜਨਕ ਵੀਡੀਓ ਹਟਾਉਣ ਦਾ ਦਿੱਤਾ ਆਦੇਸ਼

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਯੂਟਿਊਬਰ ਸ਼ਿਆਮ ਮੀਰਾ ਸਿੰਘ ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਬਾਰੇ ਇਕ ਵੀਡੀਓ ਨੂੰ ਅਪਮਾਨਜਨਕ ਮੰਨਦੇ ਹੋਏ ਸੋਸ਼ਲ ਮੀਡੀਆ ਤੋਂ ਹਟਾਉਣ ਦਾ ਆਦੇਸ਼ ਦਿੱਤਾ। ਜਸਟਿਸ ਜਸਮੀਤ ਸਿੰਘ ਨੇ ਕਿਹਾ ਕਿ ਜੇਲ੍ਹ ਵਿਚ ਬੰਦ ਰਾਮ ਰਹੀਮ ਬਾਰੇ ਵੀਡੀਓ ਮਾਣਹਾਨੀਕਾਰਕ ਹੈ। ਹਾਲਾਂਕਿ ਅਦਾਲਤ ਨੇ ਯੂਟਿਊਬਰ ਨੂੰ ਇਕ ਨਵੀਂ ਵੀਡੀਓ ਅਪਲੋਡ ਕਰਨ ਦੀ ਆਜ਼ਾਦੀ ਦਿੱਤੀ ਅਤੇ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੂੰ ਇਕ ਡਿਸਕਲੇਮਰ ਦੇਣਾ ਹੋਵੇਗਾ ਕਿ ਸਬੰਧਤ ਸਮੱਗਰੀ ਰਾਮ ਰਹੀਮ ਦੀ ਦੋਸ਼ ਸਿੱਧੀ 'ਤੇ ਟਰਾਇਲ ਕੋਰਟ ਦੇ ਫ਼ੈਸਲੇ ਅਤੇ ਅਨੁਰਾਗ ਤ੍ਰਿਪਾਠੀ ਦੀ ਕਿਤਾਬ 'ਡੇਰਾ ਸੱਚਾ ਸੌਦਾ ਅਤੇ ਗੁਰਮੀਤ ਰਾਮ ਰਹੀਮ' ਨਾਲ ਸਬੰਧਤ ਹੈ।

ਕੋਰਟ ਦਾ ਇਹ ਹੁਕਮ ਗੁਰਮੀਤ ਰਾਮ ਰਹੀਮ ਵਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਦੇ ਜਵਾਬ  ਵਿਚ ਆਇਆ ਹੈ। ਕੋਰਟ ਨੇ ਕਿਹਾ ਕਿ ਵੀਡੀਓ 'ਚ ਟਰਾਇਲ ਕੋਰਟ ਦੇ ਫ਼ੈਸਲੇ ਅਤੇ ਕਿਤਾਬ ਦੇ ਅੰਸ਼ਾਂ 'ਤੇ ਆਧਾਰਿਤ ਸਮੱਗਰੀ ਸੀ ਪਰ ਇਸ ਵਿਚ ਕੋਈ ਡਿਸਕਲੇਮਰ ਨਹੀਂ ਸੀ। ਹਾਈ ਕੋਰਟ ਨੇ ਸ਼ਿਆਮ ਮੀਰਾ ਨੂੰ 24 ਘੰਟੇ ਦੇ ਅੰਦਰ ਵੀਡੀਓ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ ਜ਼ਰੂਰੀ ਡਿਸਕਲੇਮਰ ਨਾਲ ਇਕ ਸੋਧ ਵਰਜਨ ਅਪਲੋਡ ਕਰਨ ਦੀ ਇਜਾਜ਼ਤ ਦਿੱਤੀ। 

ਹਾਈਕੋਰਟ ਨੇ ਸਿੰਘ ਦੇ ਇਕ ਟਵੀਟ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਉਹ ਮਜਬੂਰੀ 'ਚ ਗੁਰਮੀਤ ਰਾਮ ਰਹੀਮ ਨਾਲ ਜੁੜੀ ਵੀਡੀਓ ਨੂੰ ਪ੍ਰਾਈਵੇਟ ਮੋਡ 'ਚ ਪਾ ਰਿਹਾ ਹੈ। ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਮੀਰਾ ਨੂੰ ਡੇਰਾ ਸੱਚਾ ਸੌਦਾ ਮੁਖੀ ਖ਼ਿਲਾਫ਼ ਕੀਤੇ ਟਵੀਟ ਡਿਲੀਟ ਕਰਨ ਲਈ ਕਿਹਾ ਸੀ। ਅਦਾਲਤ ਨੇ ਯੂਟਿਊਬਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਰਾਮ ਰਹੀਮ ਦੇ ਸੋਸ਼ਲ ਮੀਡੀਆ 'ਤੇ ਪੋਸਟ ਕਰਨਾ ਜਾਰੀ ਰੱਖਿਆ ਤਾਂ ਅਦਾਲਤ ਵਲੋਂ ਉਲੰਘਣਾ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਦੱਸ ਦੇਈਏ ਕਿ ਯੂਟਿਊਬਰ ਮੀਰਾ ਸਿੰਘ ਨੇ 17 ਦਸੰਬਰ ਨੂੰ ਆਪਣੇ ਯੂਟਿਊਬ ਚੈਨਲ 'ਤੇ ਰਾਮ ਰਹੀਮ ਨਾਲ ਸਬੰਧਤ ਇਕ ਅਪਮਾਨਜਨਕ ਵੀਡੀਓ ਪੋਸਟ ਕੀਤੀ ਸੀ, ਜਿਸ ਦੇ ਸਬੰਧਤ 'ਚ ਯੂ-ਟਿਊਬਰ 'ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਗਿਆ।
 


author

Tanu

Content Editor

Related News