ਦਿੱਲੀ ਸਰਕਾਰ ਨੇ ਨਿਰਮਾਣ ਕੰਮਾਂ ਤੋਂ ਰੋਕ ਹਟਾਈ, ਸਕੂਲ ਮੁੜ ਖੋਲ੍ਹਣ ਸਬੰਧੀ 24 ਨਵੰਬਰ ਨੂੰ ਫ਼ੈਸਲਾ

Monday, Nov 22, 2021 - 04:42 PM (IST)

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਨੇ ਹਵਾ ਗੁਣਵੱਤਾ ਵਿਚ ਸੁਧਾਰ ਅਤੇ ਮਜ਼ਦੂਰਾਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਵੇਖਦੇ ਹੋਏ ਨਿਰਮਾਣ ਅਤੇ ਭੰਨ-ਤੋੜ ਨਾਲ ਸਬੰਧਤ ਗਤੀਵਿਧੀਆਂ ਤੋਂ ਰੋਕ ਹਟਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਏਜੰਸੀ ਧੂੜ ਕੰਟਰੋਲ ਨਿਯਮਾਂ ਦੀ ਉਲੰਘਣਾ ਕਰਦੀ ਵੇਖੀ ਗਈ ਤਾਂ ਸਰਕਾਰ ਬਿਨਾਂ ਨੋਟਿਸ ਦੇ ਉਸ ਦਾ ਕੰਮ ਰੋਕ ਦੇਵੇਗੀ ਅਤੇ ਜੁਰਮਾਨਾ ਲਗਾਏਗੀ। ਉਨ੍ਹਾਂ ਕਿਹਾ ਕਿ ਸੀ. ਐੱਨ. ਜੀ. ਨਾਲ ਚੱਲਣ ਵਾਲੀਆਂ ਇਕ ਹਜ਼ਾਰ ਨਿੱਜੀ ਬੱਸਾਂ ਨੂੰ ਕਿਰਾਏ ’ਤੇ ਲਿਆ ਗਿਆ ਹੈ। ਇਨ੍ਹਾਂ ਬੱਸਾਂ ’ਤੇ ‘ਵਾਤਾਵਰਣ ਬੱਸ ਸੇਵਾ’ ਲਿਖਿਆ ਹੋਵੇਗਾ ਅਤੇ ਲੋਕ ਉਸ ’ਚ ਦਿੱਲੀ ਟਰਾਂਸਪੋਰਟ ਨਿਗਮ ਦੀਆਂ ਬੱਸਾਂ ਵਾਂਗ ਹੀ ਯਾਤਰਾ ਕਰ ਸਕਦੇ ਹਨ। 

ਇਹ ਵੀ ਪੜ੍ਹੋ :  ਦਿੱਲੀ ’ਚ ‘ਬੇਕਾਬੂ’ ਹਵਾ ਪ੍ਰਦੂਸ਼ਣ, ਸਕੂਲ-ਕਾਲਜ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ

ਰਾਏ ਨੇ ਕਿਹਾ ਕਿ ਸਰਕਾਰ ਸਕੂਲ, ਕਾਲਜ ਅਤੇ ਹੋਰ ਸਿੱਖਿਅਕ ਸੰਸਥਾਵਾਂ ਮੁੜ ਖੋਲ੍ਹਣ ਅਤੇ ਸਰਕਾਰੀ ਕਾਮਿਆਂ ਦੀ ਮੌਜੂਦਾ ‘ਵਰਕ ਫਰਾਮ ਹੋਮ’ ਵਿਵਸਥਾ ’ਤੇ ਫ਼ੈਸਲਾ ਬੁੱਧਵਾਰ ਯਾਨੀ ਕਿ 24 ਨਵੰਬਰ ਦੀ ਸਮੀਖਿਆ ਬੈਠਕ ’ਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਸਥਿਤੀ ’ਚ ਸੁਧਾਰ ਜਾਰੀ ਰਹਿੰਦਾ ਹੈ ਤਾਂ ਸੀ. ਐੱਨ. ਜੀ. ਸੰਚਾਲਤ ਗੈਰ-ਜ਼ਰੂਰੀ ਸਾਮਾਨ ਨਾਲ ਲੱਦੇ ਟਰੱਕਾਂ ਨੂੰ ਸ਼ਹਿਰ ਵਿਚ ਆਉਣ ਦੀ ਆਗਿਆ ਦੇਣ ’ਤੇ ਵੀ ਸਲਾਹ-ਮਸ਼ਵਰਾ ਕਰਨਗੇ। 

ਇਹ ਵੀ ਪੜ੍ਹੋ : ਦਿੱਲੀ ’ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਚੀਫ਼ ਜਸਟਿਸ ਨੇ ਕਿਹਾ- ‘ਅਸੀਂ ਘਰਾਂ ’ਚ ਵੀ ਮਾਸਕ ਲਾਉਣ ਨੂੰ ਮਜ਼ਬੂਰ’

ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਅਤੇ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਵੇਖਦੇ ਹੋਏ ਗੈਰ-ਜ਼ਰੂਰੀ ਸਾਮਾਨਾਂ ਵਾਲੇ ਟਰੱਕਾਂ ਦੇ ਸ਼ਹਿਰ ’ਚ ਐਂਟਰੀ ’ਤੇ ਪਾਬੰਦੀ ਅਤੇ ਕਾਮਿਆਂ ਲਈ ਵਰਕ ਫਰਾਮ ਹੋਮ ਦੀ ਸਹੂਲਤ ਨੂੰ 26 ਨਵੰਬਰ ਤੱਕ ਵਧਾ ਦਿੱਤਾ ਸੀ। ਰਾਏ ਨੇ ਕਿਹਾ ਕਿ ਹਵਾ ਗੁਣਵੱਤਾ ’ਚ ਸੁਧਾਰ ਅਤੇ ਮਜ਼ਦੂਰਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਵੇਖਦਿਆਂ ਅਸੀਂ ਨਿਰਮਾਣ ਕੰਮਾਂ ਅਤੇ ਪੁਰਾਣੇ ਢਾਂਚਿਆਂ ’ਚ ਭੰਨ-ਤੋੜ ਕਰਨ ਸਬੰਧੀ ਗਤੀਵਿਧੀਆਂ ’ਤੋਂ ਰੋਕ ਹਟਾਉਣ ਦਾ ਫ਼ੈਸਲਾ ਕੀਤਾ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਹਵਾ ਪ੍ਰਦੂਸ਼ਣ ਸੂਚਕਾਂਕ 307 ਦਰਜ ਕੀਤਾ ਗਿਆ। ਹਾਲਾਂਕਿ ਹਵਾ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ਵਿਚ ਹੀ ਰਹੀ। 


Tanu

Content Editor

Related News