ਕੇਜਰੀਵਾਲ ਦਾ ਵੱਡਾ ਐਲਾਨ, ਦਿੱਲੀ ਦੇ ਇਹ 5 ਬਾਜ਼ਾਰ ਹੋਣਗੇ World Class
Monday, Jun 13, 2022 - 05:20 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਕਮਲਾ ਨਗਰ, ਖਾਰੀ ਬਾਵਲੀ, ਲਾਜਪਤ ਨਗਰ, ਸਰੋਜਨੀ ਨਗਰ ਅਤੇ ਕੀਰਤੀ ਨਗਰ ਬਾਜ਼ਾਰ ਨੂੰ 'ਵਿਸ਼ਵ ਪੱਧਰੀ' ਬਣਾਉਣ ਲਈ ਉਨ੍ਹਾਂ ਦਾ ਮੁੜ ਵਿਕਾਸ ਕਰੇਗੀ। ਇਹ ਵੱਧ ਨੌਕਰੀਆਂ ਪੈਦਾ ਕਰਨ ਲਈ 'ਰੁਜ਼ਗਾਰ ਬਜਟ' 'ਚ ਕੀਤੇ ਗਏ ਐਲਾਨ ਦੇ ਅਨੁਰੂਪ ਉਠਾਇਆ ਗਿਆ ਕਦਮ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਚੰਗੇ ਹੋਣਗੇ ਤਾਂ ਵਪਾਰ ਵੀ ਵਧੇਗਾ ਅਤੇ ਨਵੇਂ ਰੁਜ਼ਗਾਰ ਵੀ ਪੈਦਾ ਹੋਣਗੇ। ਦਿੱਲੀ ਦੇ ਰੁਜ਼ਗਾਰ ਬਜਟ 'ਚ 20 ਲੱਖ ਨਵੀਆਂ ਨੌਕਰੀਆਂ ਦੀ ਯੋਜਨਾ ਹੈ। ਅਸੀਂ ਉਸ ਲਈ ਦਿਨ-ਰਾਤ ਮਿਹਨਤ ਕਰ ਰਹੇ ਹਾਂ।
ਕੇਜਰੀਵਾਲ ਨੇ ਚੁਣੇ ਗਏ ਬਾਜ਼ਾਰਾਂ ਨੂੰ ਸੂਚੀਬੱਧ ਕਰਦੇ ਹੋਏ ਕਿਹਾ,''ਅਸੀਂ ਪਹਿਲੇ ਪੜਾਅ 'ਚ 5 ਬਾਜ਼ਾਰਾਂ ਦੇ ਨਾਮ ਤੈਅ ਕੀਤੇ ਹਨ, ਜਿਨ੍ਹਾਂ ਨੂੰ ਮੁੜ ਵਿਕਸਿਤ ਕੀਤਾ ਜਾਣਾ ਹੈ। ਅਸੀਂ ਉਨ੍ਹਾਂ ਦੀ ਯੂ.ਐੱਸ.ਪੀ. ਵੀ ਸੂਚੀਬੱਧ ਕੀਤੀ ਹੈ। ਉਦਾਹਰਣ ਲਈ ਕਮਲਾ ਨਗਰ ਨੌਜਵਾਨਾਂ ਦੇ ਘੁੰਮਣ-ਫਿਰਨ ਦਾ ਖੇਤਰ ਹੈ, ਖਾਰੀ ਬਾਵਲੀ ਨੂੰ ਸਭ ਤੋਂ ਚੰਗੇ ਮਸਾਲਿਆਂ ਲਈ ਜਾਣਿਆ ਜਾਂਦਾ ਹੈ।'' ਉਨ੍ਹਾਂ ਕਿਹਾ ਕਿ ਮੁੜ ਵਿਕਾਸ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਇਕ ਡਿਜ਼ਾਈਨ ਮੁਕਾਬਲੇ ਦਾ ਆਯੋਜਨ ਕੀਤਾ ਜਾਵੇਗਾ। ਦਿੱਲੀ ਸਰਕਾਰ ਦੇ ਪ੍ਰਾਜੈਕਟ ਦੇ ਅਧੀਨ ਬਾਜ਼ਾਰਾਂ ਨੂੰ ਸੁੰਦਰ ਬਣਾਇਆ ਜਾਵੇਗਾ ਅਤੇ ਨਾਗਰਿਕ ਸਹੂਲਤਾਂ ਵਧਾਈਆਂ ਜਾਣਗੀਆਂ ਤਾਂ ਕਿ ਉੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਦੇ ਨਾਲ ਹੀ ਕਾਰੋਬਾਰ ਵੀ ਵਧੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ