ਵਿਦੇਸ਼ ਜਾਣ ਵਾਲੇ ਲੋਕਾਂ ਲਈ ਦਿੱਲੀ ਸਰਕਾਰ ਨੇ ਬਣਾਇਆ ਵਿਸ਼ੇਸ਼ ਟੀਕਾਕਰਨ ਕੇਂਦਰ
Monday, Jun 14, 2021 - 01:49 PM (IST)
ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਵਿਦਿਆਰਥੀਆਂ, ਖਿਡਾਰੀਆਂ ਅਤੇ ਕੰਮਕਾਜ ਦੇ ਸਿਲਸਿਲੇ 'ਚ ਵਿਦੇਸ਼ ਜਾਣ ਵਾਲੇ ਲੋਕਾਂ ਲਈ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਇਕ ਵਿਸ਼ੇਸ਼ ਟੀਕਾਕਰਨ ਕੇਂਦਰ ਸ਼ੁਰੂ ਕੀਤਾ। ਸਿਸੋਦੀਆ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਇਨ੍ਹਾਂ ਵਿਸ਼ੇਸ਼ ਕਾਰਨਾਂ ਲਈ ਵਿਦੇਸ਼ ਜਾ ਰਹੇ ਲੋਕ 28 ਦਿਨਾਂ ਦੇ ਅੰਤਰਾਲ 'ਤੇ ਕੋਰੋਨਾ ਰੋਕੂ ਟੀਕੇ 'ਕੋਵੀਸ਼ੀਲਡ' ਦੀ ਦੂਜੀ ਖੁਰਾਕ ਲੈ ਸਕਦੇ ਹਨ।
ਇਹ ਕੇਂਦਰ ਮੰਦਰ ਮਾਰਗ 'ਤੇ ਨਵਯੁਗ ਸਕੂਲ 'ਚ ਬਣਾਇਆ ਗਿਆ ਹੈ। ਕੇਂਦਰ 'ਤੇ ਟੀਕਾਕਰਨ ਲਈ ਆਉਣ ਵਾਲੇ ਲੋਕਾਂ ਨੂੰ ਆਪਣੇ ਪਾਸਪੋਰਟ ਅਤੇ ਪ੍ਰਾਸੰਗਿਕ ਯਾਤਰਾ ਦਸਤਾਵੇਜ਼ ਦਿਖਾਉਣੇ ਹੋਣਗੇ। ਅਧਿਕਾਰੀਆਂ ਅਨੁਸਾਰ, ਇਹ ਸਹੂਲਤ ਉਨ੍ਹਾਂ ਲੋਕਾਂ ਲਈ ਹੈ, ਜਿਨ੍ਹਾਂ ਨੂੰ 31 ਅਗਸਤ ਤੋਂ ਪਹਿਲਾਂ ਕੌਮਾਂਤਰੀ ਯਾਤਰਾ ਕਰਨੀ ਹੈ। ਸਿੱਖਿਆ ਜਾਂ ਰੁਜ਼ਗਾਰ ਲਈ ਕੌਮਾਂਤਰੀ ਯਾਤਰਾ ਕਰਨ ਵਾਲਿਆਂ ਅਤੇ ਤੋਕੀਓ ਓਲੰਪਿਕ ਲਈ ਜਾਣ ਵਾਲੇ ਭਾਰਤੀ ਦਲ ਦੇ ਮੈਂਬਰਾਂ ਨੂੰ 'ਕੋਵੀਸ਼ੀਲਡ' ਟੀਕੇ ਦੀ ਦੂਜੀ ਖੁਰਾਕ ਲਗਵਾਉਣ ਲਈ ਤੈਅ 84 ਦਿਨ ਦੇ ਅੰਤਰਾਲ 'ਚ ਛੋਟ ਦਿੱਤੀ ਜਾਵੇਗੀ। ਇਨ੍ਹਾਂ ਮਾਮਲਿਆਂ 'ਚ ਦੂਜੀ ਖੁਰਾਕ, ਪਹਿਲੀ ਖੁਰਾਕ ਲਗਾਏ ਜਾਣ ਦੇ ਘੱਟੋ-ਘੱਟ 28 ਦਿਨਾਂ ਬਾਅਦ ਲਗਾਈ ਜਾ ਸਕਦੀ ਹੈ।