ਮਨੀਸ਼ ਸਿਸੋਦੀਆ ਵਲੋਂ ਬਜਟ ਪੇਸ਼, ਕਿਹਾ- ਦਿੱਲੀ ਦੇ ਹਰ ਨਾਗਰਿਕ ਨੂੰ ਦੇਵਾਂਗੇ ‘ਹੈਲਥ ਕਾਰਡ’

03/09/2021 12:17:02 PM

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਮੰਗਲਵਾਰ ਯਾਨੀ ਕਿ ਅੱਜ ਈ-ਬਜਟ ਪੇਸ਼ ਕੀਤਾ। ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਈ-ਬਜਟ ਪੇਸ਼ ਕੀਤਾ, ਜਿਸ ਦੀ ਥੀਮ ਦੇਸ਼ ਭਗਤੀ ਰਹੀ। ਦਿੱਲੀ ’ਚ ਇਸ ਸਾਲ ਲਈ 69 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਇਸ ਵਾਰ ਦਿੱਲੀ ਵਿਧਾਨ ਸਭਾ ਵਿਚ ਬਜਟ ਪੇਸ਼ ਕਰਦੇ ਹੋਏ ਸਿਸੋਦੀਆ ਦੇ ਹੱਥ ’ਚ ਕਾਪੀਆਂ ਦੀ ਥਾਂ ਟੈਬ ਸੀ, ਜਿਸ ਨਾਲ ਉਨ੍ਹਾਂ ਨੇ ਬਜਟ ਪੜਿ੍ਹਆ। ਇਸ ਤੋਂ ਇਲਾਵਾ ਸਦਨ ਵਿਚ ਬੈਠੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੀ ਬਜਟ ਪੜ੍ਹਨ ਲਈ ਟੈਬ ਦਿੱਤੇ ਗਏ। ਸਿਸੋਦੀਆ ਨੇ ਕਿਹਾ ਕਿ ਇਹ ਬਜਟ ਅਜਿਹੇ ਸਮੇਂ ਵਿਚ ਆ ਰਿਹਾ ਹੈ, ਜਦੋਂ ਅਸੀਂ ਆਜ਼ਾਦੀ ਦੇ 75 ਸਾਲ ਪੂਰੇ ਕਰ ਰਹੇ ਹਾਂ। ਇਹ ਸਾਡੇ ਲਈ ਮਾਣ ਦੀ ਗੱਲ ਹੈ। ਇਸ ਸਾਲ ਦਾ ਬਜਟ ਦੇਸ਼ ਭਗਤੀ ਬਜਟ ਦੇ ਨਾਮ ’ਤੇ ਜਾਣਿਆ ਜਾਵੇਗਾ। ਅਗਲੇ ਹਫ਼ਤੇ ਤੋਂ ਹੀ ਦਿੱਲੀ ’ਚ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੋ ਜਾਵੇਗੀ, ਜੋ ਅਗਲੇ 75 ਹਫ਼ਤਿਆਂ ਤੱਕ ਜਾਰੀ ਰਹਿਣਗੇ। 

ਮਨੀਸ਼ ਸਿਸੋਦੀਆ ਨੇ ਕੀਤਾ ਐਲਾਨ

-ਦਿੱਲੀ ਵਿਚ 12 ਮਾਰਚ ਤੋਂ ਦੇਸ਼ ਭਗਤੀ ਦੇ ਪ੍ਰੋਗਰਾਮ ਸ਼ੁਰੂ ਹੋਣਗੇ, ਜਿਸ ਵਿਚ ਅੱਗੇ ਦੇ ਵਿਜ਼ਨ ਨੂੰ ਦਰਸਾਇਆ ਜਾਵੇਗਾ। ਸ. ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੇ ਪ੍ਰੋਗਰਾਮਾਂ ਨੂੰ ਦਰਸਾਉਣ ਲਈ 10 ਕਰੋੜ ਰੁਪਏ ਜਾਰੀ ਕੀਤੇ ਗਏ। 
-ਕਨਾਟ ਪਲੇਸ ਵਾਂਗ ਹੀ ਦਿੱਲੀ ਵਿਚ ਹੁਣ 500 ਥਾਵਾਂ ’ਤੇ ਤਿੰਰਗਾ ਲਹਿਰਾਇਆ ਜਾਵੇਗਾ। ਨਾਲ ਹੀ ਦਿੱਲੀ ਦੇ ਸਕੂਲਾਂ ਵਿਚ ਹੁਣ ਇਕ ਪੀਰੀਅਡ ਦੇਸ਼ ਭਗਤੀ ਬਾਰੇ ਵਿਚ ਪੜ੍ਹਾਇਆ ਜਾਵੇਗਾ। 
-ਦਿੱਲੀ ਵਿਚ ਨਵਾਂ ਸੈਨਿਕ ਸਕੂਲ ਬਣਾਇਆ ਜਾਵੇਗਾ ਅਤੇ ਇਕ ਆਮਰਡ ਫੋਰਸ ਪ੍ਰੀ-ਪੇਅਰਿੰਗ ਅਕਾਦਮੀ ਬਣਾਈ ਜਾਵੇਗੀ। ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਆਰਥਿਕ ਮਦਦ ਦੀ ਸਕੀਮ ਜਾਰੀ ਰਹੇਗੀ। 
- ਦਿੱਲੀ ’ਚ ਸਰਕਾਰੀ ਹਸਪਤਾਲਾਂ ’ਚ ਕੋਰੋਨਾ ਵੈਕਸੀਨ ਲੱਗਦੀ ਰਹੇਗੀ, ਮੁਫ਼ਤ ਕੋਰੋਨਾ ਵੈਕਸੀਨ ਲਈ 50 ਕਰੋੜ ਰੁਪਏ ਦਾ ਬਜਟ।
- ਦਿੱਲੀ ’ਚ ਰੋਜ਼ਾਨਾ 45 ਹਜ਼ਾਰ ਵੈਕਸੀਨ ਲਾਈ ਜਾ ਰਹੀ ਹੈ, ਛੇਤੀ ਹੀ ਇਹ ਸਮਰੱਥਾ 60 ਹਜ਼ਾਰ ਤੱਕ ਪਹੁੰਚ ਜਾਵੇਗੀ। 
- ਦਿੱਲੀ ਦੀਆਂ ਵੱਖ-ਵੱਖ ਕਾਲੋਨੀਆਂ ਵਿਚ ਹੁਣ ਸਰਕਾਰ ਵਲੋਂ ਯੋਗ, ਧਿਆਨ ਗੁਰੂ ਮੁਹੱਈਆ ਕਰਵਾਏ ਜਾਣਗੇ, ਇਸ ਲਈ 25 ਕਰੋੜ ਰੁਪਏ ਅਲਾਟ ਕੀਤਾ ਗਿਆ ਹੈ। ਦਿੱਲੀ ਵਿਚ 75 ਸਾਲ ਤੋਂ ਵਧ ਉਮਰ ਵਾਲੇ ਲੋਕਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਲਈ ਵੱਖ-ਵੱਖ ਥਾਵਾਂ ’ਤੇ ਸਨਮਾਨ ਸਮਾਰੋਹ ਕੀਤਾ ਜਾਵੇਗਾ।
-ਦਿੱਲੀ ਦੇ ਹਰ ਨਾਗਰਿਕ ਨੂੰ ਹੈਲਥ ਕਾਰਡ ਦੇਵਾਂਗੇ।
- ਹਰ ਵਿਅਕਤੀ ਦਾ ਆਨਲਾਈਨ ਹੈਲਥ ਡਾਟਾ ਤਿਆਰ ਕੀਤਾ ਜਾਵੇਗਾ, ਇਸ ਨਾਲ ਹਰ ਪਰਿਵਾਰ ਦੀ ਬੀਮਾਰੀ ਦਾ ਰਿਕਾਰਡ ਡਾਕਟਰਾਂ ਕੋਲ ਰਹਿ ਸਕੇਗਾ।
- ਦਿੱਲੀ ਵਿਚ ਸਿਹਤ ਸੇਵਾਵਾਂ ਲਈ ਕੁੱਲ 9934 ਕਰੋੜ ਦਾ ਬਜਟ ਹੈ, ਜੋ ਕਿ ਕੁੱਲ ਬਜਟ ਦਾ 14 ਫ਼ੀਸਦੀ ਹੈ। 
- ਦਿੱਲੀ ਵਿਚ ਅਗਲੇ ਸਾਲ ਤੋਂ ਬੀਬੀਆਂ ਲਈ ਵਿਸ਼ੇਸ਼ ‘ਮਹਿਲਾ ਮੁਹੱਲਾ ਕਲੀਨਿਕ’ ਦੀ ਸ਼ੁਰੂਆਤ ਕੀਤੀ ਜਾਵੇਗੀ। ਜਿਸ ’ਚ ਬੀਬੀਆਂ ਨਾਲ ਜੁੜੀਆਂ ਬੀਮਾਰੀਆਂ ਦੇ ਸਪੈਸ਼ਲਿਸਟ ਡਾਕਟਰਾਂ ਨੂੰ ਤਾਇਨਾਤ ਕੀਤਾ ਜਾਵੇਗਾ। 


Tanu

Content Editor

Related News