ਮੈਕਸੀਕੋ ਤੋਂ ਦਿੱਲੀ ਲਿਆਂਦਾ ਗਿਆ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਗੈਂਗਸਟਰ ਦੀਪਕ ਬਾਕਸਰ

Wednesday, Apr 05, 2023 - 09:45 AM (IST)

ਮੈਕਸੀਕੋ ਤੋਂ ਦਿੱਲੀ ਲਿਆਂਦਾ ਗਿਆ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਗੈਂਗਸਟਰ ਦੀਪਕ ਬਾਕਸਰ

ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਵਿੱਚ ਸ਼ਾਮਲ ਗੈਂਗਸਟਰ ਦੀਪਕ ‘ਬਾਕਸਰ’ ਨੂੰ ਦਿੱਲੀ ਪੁਲਸ ਨੇ ਬੁੱਧਵਾਰ ਸਵੇਰੇ ਕੌਮੀ ਰਾਜਧਾਨੀ ਵਿੱਚ ਲਿਆਂਦਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਸ ਨੂੰ ਪੁਲਸ ਅਧਿਕਾਰੀਆਂ ਨੇ ਮੈਕਸੀਕੋ ਵਿਚ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ 2 ਮੈਂਬਰੀ ਟੀਮ ਦੀਪਕ ਨੂੰ ਲੈ ਕੇ ਸਵੇਰੇ 6 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 3 'ਤੇ ਪਹੁੰਚੀ। ਇਹ ਟੀਮ ਮੈਕਸੀਕੋ ਤੋਂ ਤੁਰਕੀ ਦੇ ਇਸਤਾਂਬੁਲ ਰਾਹੀਂ ਇੱਥੇ ਪਹੁੰਚੀ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਘਰ ਨੂੰ ਲੱਗੀ ਭਿਆਨਕ ਅੱਗ, ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

PunjabKesari

ਪੁਲਸ ਨੇ ਕਿਹਾ ਕਿ ਦੀਪਕ ਤੋਂ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਅਤੇ ਉੱਤਰੀ ਦਿੱਲੀ ਦੇ ਸਿਵਲ ਲਾਈਨ ਖੇਤਰ ਵਿੱਚ ਇੱਕ ਬਿਲਡਰ ਦੀ ਹੱਤਿਆ ਵਿੱਚ ਕਥਿਤ ਸ਼ਮੂਲੀਅਤ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਜਾਵੇਗੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਦੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤ ਚੁੱਕਾ ਗੈਂਗਸਟਰ ਮੈਕਸੀਕੋ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਦੀ ਯੋਜਨਾ ਸੀ ਕਿ ਉਹ ਉੱਥੇ ਬੈਠ ਕੇ ਦਿੱਲੀ ਅਤੇ ਉਸ ਦੇ ਗੁਆਂਢੀ ਸੂਬਿਆਂ ਵਿਚ ਸੰਗਠਿਤ ਅਪਰਾਧ ਦਾ ਆਪਣਾ ਗਿਰੋਹ ਚਲਾ ਸਕੇ।

ਇਹ ਵੀ ਪੜ੍ਹੋ: ਖੁਸ਼ੀਆਂ ਗਮ ’ਚ ਬਦਲੀਆਂ, ਵਿਆਹ ਤੋਂ 3 ਦਿਨ ਪਹਿਲਾਂ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਕੀਤੀ ਖੁਦਕੁਸ਼ੀ

 

ਵਿਸ਼ੇਸ਼ ਪੁਲਸ ਕਮਿਸ਼ਨਰ (ਸਪੈਸ਼ਲ ਸੈੱਲ) ਐੱਚ.ਜੀ.ਐੱਸ. ਧਾਲੀਵਾਲ ਨੇ ਦੱਸਿਆ ਕਿ ਗੈਂਗਸਟਰ ਨੇ ਅਮਰੀਕਾ ਜਾਣ ਲਈ ਮੈਕਸੀਕੋ ਪਹੁੰਚਣ ਲਈ ਕਈ ਰਸਤੇ ਅਪਣਾਏ ਪਰ ਦਿੱਲੀ ਸਥਿਤ ਅਮਰੀਕੀ ਦੂਤਘਰ ਦੇ ਕਾਨੂੰਨੀ ਅਧਿਕਾਰੀ ਦੇ ਦਫ਼ਤਰ ਦੀ ਮਦਦ ਨਾਲ ਉਹ ਪੁਲਸ ਦੇ ਜਾਲ ਵਿਚ ਫਸ ਗਿਆ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ, ਜਦੋਂ ਦਿੱਲੀ ਪੁਲਸ ਨੇ ਦੇਸ਼ ਤੋਂ ਬਾਹਰ ਕਿਸੇ ਅਪਰੇਸ਼ਨ ਦੌਰਾਨ ਕਿਸੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੀਪਕ ਦੀ ਗ੍ਰਿਫ਼ਤਾਰੀ 'ਚ ਮਦਦ ਕਰਨ ਵਾਲੀ ਸੂਚਨਾ ਦੇਣ 'ਤੇ 3 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਉਹ 'ਗੋਗੀ ਗੈਂਗ' ਚਲਾ ਰਿਹਾ ਸੀ ਜਿਸ ਦੇ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਹਨ।

ਇਹ ਵੀ ਪੜ੍ਹੋ: ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਵਿਦੇਸ਼ ’ਚ ਲੁਕੇ 28 ਵਾਂਟੇਡ ਗੈਂਗਸਟਰਾਂ ਦੀ ਸੂਚੀ, ਗੋਲਡੀ ਬਰਾੜ ਟਾਪ ’ਤੇ

ਧਾਲੀਵਾਲ ਨੇ ਕਿਹਾ, “ਸਾਨੂੰ ਜਨਵਰੀ ਵਿੱਚ ਸੂਚਨਾ ਮਿਲੀ ਸੀ ਕਿ ਦੀਪਕ ਨੇ ਦੇਸ਼ ਤੋਂ ਭੱਜਣ ਲਈ ਬਰੇਲੀ ਦੇ ਰਹਿਣ ਵਾਲੇ ਰਵੀ ਅੰਤਿਲ ਦੇ ਨਾਮ ਨਾਲ ਜਾਅਲੀ ਪਾਸਪੋਰਟ ਬਣਾਇਆ ਸੀ। ਉਹ ਕੋਲਕਾਤਾ ਤੋਂ ਦੁਬਈ ਜਾਣ ਵਾਲੀ ਫਲਾਈਟ 'ਚ ਸਵਾਰ ਹੋਇਆ। ਫਿਰ ਉਹ ਦੁਬਈ ਤੋਂ ਕਜ਼ਾਕਿਸਤਾਨ ਦੇ ਅਲਮਾਟੀ ਗਿਆ ਅਤੇ ਤੁਰਕੀ ਪਹੁੰਚਿਆ। ਇਸ ਤੋਂ ਬਾਅਦ ਉਹ ਸਪੇਨ ਲਈ ਰਵਾਨਾ ਹੋਇਆ। ਵੱਖੋ-ਵੱਖਰੇ ਰਸਤੇ ਅਪਣਾਉਣ ਤੋਂ ਬਾਅਦ ਉਹ ਆਖ਼ਰ ਮੈਕਸੀਕੋ ਪਹੁੰਚ ਗਿਆ।' ਧਾਲੀਵਾਲੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਾਡੀ ਟੀਮ ਲਗਾਤਾਰ ਉਸ ਦਾ ਪਤਾ ਲਗਾ ਰਹੀ ਸੀ। ਪੁਲਸ ਨੇ ਕਿਹਾ ਕਿ ਉਸਦੀ ਗ੍ਰਿਫ਼ਤਾਰੀ ਕ੍ਰਾਈਮ ਬ੍ਰਾਂਚ ਅਤੇ ਸਪੈਸ਼ਲ ਸੈੱਲ ਦੀਆਂ ਤਾਲਮੇਲ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਪਿਛਲੇ ਪੰਜ ਸਾਲਾਂ ਵਿੱਚ ਕਤਲ ਅਤੇ ਫਿਰੌਤੀ ਸਮੇਤ 10 ਸਨਸਨੀਖੇਜ਼ ਮਾਮਲਿਆਂ ਵਿੱਚ ਭਾਰਤ ਵਿੱਚ ਲੋੜੀਂਦਾ ਸੀ। ਦੀਪਕ ਦਿੱਲੀ ਦੇ ਰੋਹਿਣੀ ਕੋਰਟ ਕੰਪਲੈਕਸ 'ਚ ਗੈਂਗਸਟਰ ਜਤਿੰਦਰ ਮਾਨ ਉਰਫ ਗੋਗੀ ਦੇ ਕਤਲ ਤੋਂ ਬਾਅਦ 'ਗੋਗੀ ਗੈਂਗ' ਚਲਾ ਰਿਹਾ ਸੀ। ਗੋਗੀ ਦੀ 24 ਸਤੰਬਰ 2021 ਨੂੰ ਦੋ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਦੀਪਕ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗਨੌਰ ਦਾ ਰਹਿਣ ਵਾਲਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News