ਇਨ੍ਹਾਂ ਕਿਸਾਨਾਂ ਦੀ ਜ਼ਿੰਦਗੀ ’ਚ ਖੁਸ਼ਹਾਲੀ ਅਤੇ ਕੁਝ ਕਰਨ ਦੀ ਉਮੀਦ ਲੈ ਕੇ ਆ ਰਹੀ ਹੈ ‘ਜੈਵਿਕ ਖੇਤੀ’
Thursday, Nov 19, 2020 - 04:37 PM (IST)
ਨਵੀਂ ਦਿੱਲੀ (ਬਿਊਰੋ) - ਦਿੱਲੀ ਦੇ ਕਿਸਾਨਾਂ ਨੂੰ ਜੈਵਿਕ ਖੇਤੀ ਨਾਲ ਸਬੰਧਤ ਅਜਿਹੀਆਂ ਸਾਰੀਆਂ ਸਮੱਗਰੀਆਂ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਉਹ ਆਪਣੇ ਆਪ ਨੂੰ ਜੈਵਿਕ ਖੇਤੀ ਲਈ ਤਿਆਰ ਕਰ ਸਕਣ। ਇਸ ’ਚ ਗੋਬਰ ਅਤੇ ਹਰੇ ਰਹਿੰਦ-ਖੂੰਹਦ ਤੋਂ ਖਾਦ ਬਣਾਉਣਾ, ਕੁਦਰਤੀ ਦਵਾਈ ਤੋਂ ਬਿਨਾਂ ਨਦੀਨਾਂ ਦੇ ਨਿਯੰਤਰਣ ਤੋਂ ਲੈ ਕੇ ਕੀਟ-ਨਿਯੰਤਰਣ ਤੱਕ ਕੰਮ ਕਰਨਾ ਆਦਿ ਸ਼ਾਮਲ ਹੈ। ਖੇਤੀਬਾੜੀ ਵਿਗਿਆਨੀ ਮੰਨਦੇ ਹਨ ਕਿ ਆਉਣ ਵਾਲਾ ਸਮਾਂ ਜੈਵਿਕ ਖੇਤੀ ਦਾ ਹੈ। ਦਿੱਲੀ ਅਤੇ ਹੋਰ ਮਹਾਨਗਰਾਂ ’ਚ ਜਿਸ ਤਰੀਕੇ ਨਾਲ ਜੈਵਿਕ ਉਤਪਾਦਾਂ ਦੀ ਮੰਗ ਵੱਧ ਰਹੀ ਹੈ, ਉਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹੈ, ਉਸ ਤੋਂ ਇਹ ਸਪੱਸ਼ਟ ਹੈ ਕਿ ਜੇਕਰ ਕਿਸਾਨ ਖੇਤੀਬਾੜੀ ਤਕਨੀਕਾਂ ਵਿੱਚ ਜੈਵਿਕ ਤਰੀਕਿਆਂ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੋਵੇਗਾ।
ਕੇਂਦਰ ਸਰਕਾਰ ਦੀ ਰਵਾਇਤੀ ਖੇਤੀਬਾੜੀ ਵਿਕਾਸ ਯੋਜਨਾ ਦੇ ਤਹਿਤ ਦਿੱਲੀ ਦਿਹਾਤੀ ਦੇ ਵੱਖ-ਵੱਖ ਪਿੰਡਾਂ ਵਿਚ ਬਹੁਤ ਸਾਰੇ ਕਿਸਾਨ ਅਜਿਹੇ ਹਨ, ਜੋ ਜੈਵਿਕ ਖੇਤੀ ਕਰਕੇ ਦੁਨੀਆਂ ’ਚ ਆਪਣੀ ਵੱਖਰੀ ਪਛਾਣ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਉਜਵਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀ ਵੀ ਇਸ ਕੰਮ ਵਿਚ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ।
ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ ਨਾ ਸਿਰਫ਼ ਜੈਵਿਕ ਖੇਤੀ ਨਾਲ ਜੁੜੀਆਂ ਸਾਰੀਆਂ ਸਮੱਗਰੀਆਂ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ ਸਗੋਂ ਸਮੇਂ-ਸਮੇਂ 'ਤੇ ਖੇਤ ਦਾ ਦੌਰਾ ਕਰਕੇ ਫ਼ਸਲਾਂ ਦਾ ਮੁਆਇਨਾ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਰਿਹਾ ਹੈ। ਫ਼ਿਲਹਾਲ ਇਸ ਯੋਜਨਾ ਨਾਲ ਝਤੀਕੜਾ, ਕਾਦੀਪੁਰ, ਤਿੱਗੀਪੁਰ, ਜੈਂਤੀ, ਦਿਚਾਂ ਕਲਾਂ, ਦਰੀਆਪੁਰ ਪਿੰਡਾਂ ਦੇ ਚੁਣੇ ਗਏ ਅਗਾਂਹਵਧੂ ਕਿਸਾਨ ਜੁੜੇ ਹੋਏ ਹਨ।
ਦੱਸ ਦੇਈਏ ਕਿ ਵਿਗਿਆਨੀ ਅਜਿਹੇ ਅਗਾਂਹਵਧੂ ਕਿਸਾਨਾਂ ਦੀ ਸ਼ਲਾਂਘਾ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੇ ਨਾ ਸਿਰਫ਼ ਜੈਵਿਕ ਖੇਤੀ ਦੀ ਮਹੱਤਤਾ ਨੂੰ ਸਮਝਿਆ ਸਗੋਂ ਉਹ ਹੋਰਨਾਂ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਵੀ ਪ੍ਰੇਰਿਤ ਕਰ ਰਹੇ ਹਨ। ਜਿਹੜੇ ਕਿਸਾਨ ਰਵਾਇਤੀ ਖੇਤੀਬਾੜੀ ਵਿਕਾਸ ਯੋਜਨਾ ਨਾਲ ਜੁੜੇ ਹੋਏ ਵੀ ਨਹੀਂ ਹਨ, ਹੁਣ ਉਹ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਕੇ ਜੈਵਿਕ ਖੇਤੀ ਨਾਲ ਸਬੰਧਤ ਸਿਖਲਾਈ ਪ੍ਰਾਪਤ ਕਰਨ ਲਈ ਤਿਆਰ ਹਨ। ਜੈਵਿਕ ਖੇਤੀ ਦੇ ਪ੍ਰਤੀ ਕਿਸਾਨਾਂ ਦਾ ਇਹ ਰੁਝਾਨ ਸਵਾਗਤਯੋਗ ਸੰਕੇਤ ਹੈ।