ਗੱਲਬਾਤ ਲਈ ਵਿਗਿਆਨ ਭਵਨ ਪੁੱਜਣ ਲੱਗੇ ਕਿਸਾਨ ਆਗੂ, ਰਾਜਨਾਥ ਕਰਨਗੇ ਬੈਠਕ ਦੀ ਅਗਵਾਈ
Tuesday, Dec 01, 2020 - 02:50 PM (IST)
ਨਵੀਂ ਦਿੱਲੀ— ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ ਮੰਗਲਵਾਰ ਯਾਨੀ ਕਿ ਅੱਜ ਕੁਝ ਹੀ ਦੇਰ ਯਾਨੀ ਕਿ ਠੀਕ 3 ਵਜੇ ਗੱਲਬਾਤ ਸ਼ਰੂ ਹੋ ਜਾਵੇਗੀ। 32 ਕਿਸਾਨ ਜਥੇਬੰਦੀਆਂ ਦੇ ਆਗੂ ਬੈਠਕ ਲਈ ਸਿੰਘੂ ਬਾਰਡਰ ਤੋਂ ਨਿਕਲ ਚੁੱਕੇ ਹਨ। ਕੁੱਲ 3 ਗਰੁੱਪਾਂ 'ਚ 35 ਲੋਕ ਗੱਲਬਾਤ ਲਈ ਜਾਣਗੇ। ਸਰਕਾਰ ਵਲੋਂ ਕਿਸਾਨਾਂ ਨਾਲ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਗੱਲਬਾਤ ਹੋਵੇਗੀ। ਇਹ ਬੈਠਕ ਵਿਗਿਆਨ ਭਵਨ 'ਚ ਹੋਵੇਗੀ।
ਦਰਅਸਲ ਸਰਕਾਰ ਵਲੋਂ 3 ਦਸੰਬਰ ਤੋਂ ਪਹਿਲਾਂ ਹੀ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਮਨਜ਼ੂਰ ਕੀਤਾ। ਸਰਕਾਰ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਰਿਹਾ ਅਤੇ ਬਿਨਾਂ ਸ਼ਰਤ ਦੇ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸਰਕਾਰ ਗੱਲਬਾਤ ਲਈ ਸ਼ਰਤਾਂ ਰੱਖ ਰਹੀ ਸੀ ਕਿ ਬੁਰਾੜੀ ਮੈਦਾਨ 'ਚ ਚਲੇ ਜਾਓ, ਸਰਕਾਰ ਤੁਹਾਡੀ ਗੱਲ ਸੁਣੇਗੀ ਪਰ ਕਿਸਾਨਾਂ ਨੇ ਇਹ ਪ੍ਰਸਤਾਵ ਠੁਕਰਾ ਦਿੱਤਾ ਸੀ। ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਗੱਲਬਾਤ ਲਈ ਜ਼ਰੂਰ ਜਾ ਰਹੇ ਹਾਂ ਪਰ ਆਪਣੀਆਂ ਮੰਗਾਂ ਮੰਨਵਾਏ ਬਿਨਾਂ ਨਹੀਂ ਪਰਤਾਂਗੇ।
ਜ਼ਿਕਰਯੋਗ ਹੈ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਜ਼ਾਰਾਂ ਕਿਸਾਨ ਦਿੱਲੀ 3 ਬਾਰਡਰਾਂ 'ਤੇ ਲਗਾਤਾਰ 6ਵੇਂ ਦਿਨ ਡਟੇ ਹਨ। ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਇਨ੍ਹਾਂ ਕਾਨੂੰਨਾਂ ਕਾਰਨ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਖਤਮ ਹੋ ਜਾਵੇਗਾ। ਕਿਸਾਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਉਹ ਆਪਣਾ ਅੰਦੋਲਨ ਜਾਰੀ ਰੱਖਣਗੇ।