ਜੇਲ੍ਹ ''ਚ ਬੰਦ ਮਨੀਸ਼ ਸਿਸੋਦੀਆ ਦਾ ਬੰਗਲਾ ਵੀ ਗਿਆ, ਨਵੀਂ ਸਿੱਖਿਆ ਮੰਤਰੀ ਆਤਿਸ਼ੀ ਨੂੰ ਹੋਇਆ ਅਲਾਟ

03/17/2023 5:55:40 PM

ਨਵੀਂ ਦਿੱਲੀ (ਭਾਸ਼ਾ)- ਆਬਕਾਰੀ ਨੀਤੀ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਇਕ ਪੰਦਰਵਾੜੇ ਬਾਅਦ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਬੰਗਲਾ ਆਤਿਸ਼ੀ ਨੂੰ ਅਲਾਟ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਸੀ। ਲੋਕ ਨਿਰਮਾਣ ਵਿਭਾਗ ਵਲੋਂ 14 ਮਾਰਚ ਨੂੰ ਜਾਰੀ ਇਕ ਅਧਿਕਾਰਤ ਪੱਤਰ ਅਨੁਸਾਰ ਆਤਿਸ਼ੀ ਨੂੰ ਪੱਤਰ ਜਾਰੀ ਹੋਣ ਦੇ 8 ਦਿਨਾਂ ਅੰਦਰ ਇਸ ਨੂੰ ਆਪਣੀ ਮਨਜ਼ੂਰੀ ਦੇਣ ਲਈ ਕਿਹਾ ਗਿਆ ਹੈ। 

ਸਿਸੋਦੀਆ ਮਥੁਰਾ ਰੋਡ 'ਤੇ ਏਬੀ-17 ਬੰਗਲੇ 'ਚ ਰਹਿੰਦੇ ਸਨ, ਜਿਸ 'ਚ ਪਹਿਲੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਰਹਿੰਦੀ ਸੀ। ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ ਸਾਲ 2015 'ਚ ਇਹ ਬੰਗਲਾ ਸਿਸੋਦੀਆ ਨੂੰ ਅਲਾਟ ਕੀਤਾ ਗਿਆ ਸੀ। ਇਕ ਅਧਿਕਾਰੀ ਨੇ ਕਿਹਾ ਕਿ ਇਹ ਨਿਯਮਿਤ ਪਰੰਪਰਾ ਰਹੀ ਹੈ। ਸਿਸੋਦੀਆ ਅਸਤੀਫ਼ਾ ਦੇ ਚੁੱਕੇ ਹਨ, ਇਸ ਲਈ ਇਹ ਬੰਗਲਾ ਆਤਿਸ਼ੀ ਨੂੰ ਅਲਾਟ ਕੀਤਾ ਜਾਵੇਗਾ।

ਸਿਸੋਦੀਆ ਭ੍ਰਿਸ਼ਟਾਚਾਰ ਅਤੇ ਸਤੇਂਦਰ ਜੈਨ ਮਨੀ ਲਾਂਡਰਿੰਗ ਮਾਮਲੇ 'ਚ ਤਿਹਾੜ ਜੇਲ੍ਹ 'ਚ ਬੰਦ ਹਨ। ਉਨ੍ਹਾਂ ਨੇ ਹਾਲ 'ਚ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਸੀ। ਸੀ.ਬੀ.ਆਈ. ਨੇ ਰੱਦ ਕੀਤੀ ਜਾ ਚੁੱਕੀ ਦਿੱਲੀ ਆਬਕਾਰੀ ਨੀਤੀ 2021-22 ਤਿਆਰ ਅਤੇ ਲਾਗੂ ਕਰਨ 'ਚ ਭ੍ਰਿਸ਼ਟਾਚਾਰ ਲਈ 26 ਫਰਵਰੀ ਨੂੰ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਹ 22 ਮਾਰਚ ਤੱਕ ਨਿਆਇਕ ਹਿਰਾਸਤ 'ਚ ਹਨ।


Rakesh

Content Editor

Related News