ਦਿੱਲੀ ਵਿਧਾਨ ਸਭਾ ਚੋਣਾਂ 2020 : ਕੌਣ ਹੋਵੇਗਾ ਦਿੱਲੀ ਦਾ ''ਕਿੰਗ''? ਫੈਸਲਾ ਅੱਜ

02/11/2020 7:41:35 AM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ 2020 ਲਈ 8 ਫਰਵਰੀ ਨੂੰ ਵੋਟਾਂ ਪਈਆਂ ਸਨ। ਨਤੀਜੇ ਅੱਜ ਭਾਵ 11 ਫਰਵਰੀ ਨੂੰ ਐਲਾਨੇ ਜਾਣਗੇ। ਨਤੀਜਿਆਂ ਤੋਂ ਬਾਅਦ  ਦਿੱਲੀ ਵਿਚ ਨਵੀਂ ਸਰਕਾਰ ਨੂੰ ਲੈ ਕੇ ਅੱਜ ਉਡੀਕ ਖਤਮ ਹੋ ਜਾਵੇਗੀ। ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਇਕ ਤੋਂ ਬਾਅਦ ਇਕ ਯਾਨੀ ਕਿ 9 ਵਜੇ ਤੋਂ ਸਾਰੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਦੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। ਭਾਰਤੀ ਚੋਣ ਕਮਿਸ਼ਨ ਮੁਤਾਬਕ ਦਿੱਲੀ ਦੀਆਂ ਸਾਰੀਆਂ ਸੀਟਾਂ 'ਤੇ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਦਿੱਲੀ ਚੋਣਾਂ 'ਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਵਿਚਾਲੇ ਰਿਹਾ। ਹੁਣ ਦੇਖਣਾ ਇਹ ਹੋਵੇਗਾ ਕਿ ਆਖਰਕਾਰ ਕੌਣ ਹੋਵੇਗਾ ਦਿੱਲੀ ਦਾ ਕਿੰਗ।
ਹਾਲਾਂਕਿ ਵੋਟਿੰਗ ਤੋਂ ਬਾਅਦ ਸਾਹਮਣੇ ਆਏ ਐਗਜ਼ਿਟ ਪੋਲ 'ਚ ਆਮ ਆਦਮੀ ਪਾਰਟੀ 'ਆਪ' ਫਿਰ ਤੋਂ ਸੱਤਾ 'ਚ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਭਾਜਪਾ ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਹਾਰ ਦਾ ਅਨੁਮਾਨ ਲਾਉਣ ਵਾਲੇ ਐਗਜ਼ਿਟ ਪੋਲ ਦੇ ਨਤੀਜੇ ਫੇਲ ਹੋਣਗੇ। ਦੂਜੇ ਪਾਸੇ ਕਾਂਗਰਸ ਦਾ ਕਹਿਣਾ ਹੈ ਕਿ ਐਗਜ਼ਿਟ ਪੋਲ 'ਤੇ ਨਹੀਂ ਨਤੀਜਿਆਂ 'ਤੇ ਹੀ ਕੁਝ ਕਹਾਂਗੇ। ਦੱਸਣਯੋਗ ਹੈ ਕਿ  ਵਿਧਾਨ ਸਭਾ ਚੋਣਾਂ 'ਚ ਆਖਰੀ ਵੋਟਿੰਗ ਫੀਸਦੀ 62.59 ਰਿਹਾ, ਜੋ 2015 ਦੇ ਅੰਕੜਿਆਂ ਤੋਂ 5 ਫੀਸਦੀ ਘੱਟ ਹੈ। ਇੱਥੇ ਦੱਸ ਦੇਈਏ ਕਿ ਦਿੱਲੀ 'ਚ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਈ। ਇਨ੍ਹਾਂ ਚੋਣਾਂ 'ਚ ਕੁੱਲ 672 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ, ਉਨ੍ਹਾਂ ਦੀ ਕਿਸਮਤ ਈ. ਵੀ. ਐੱਮ. ਮਸ਼ੀਨਾਂ 'ਚ ਬੰਦ ਹੈ, ਜਿਸ ਦਾ ਫੈਸਲਾ ਅੱਜ ਹੋਵੇਗਾ।


Tanu

Content Editor

Related News