ਆਰਥਿਕ ਗੈਰ-ਬਰਾਬਰੀ ’ਚ 100 ਸਾਲਾਂ ਦਾ ਰਿਕਾਰਡ ਟੁੱਟਿਆ : ਸੰਜੇ ਸਿੰਘ
Thursday, Mar 06, 2025 - 08:12 PM (IST)

ਨਵੀਂ ਦਿੱਲੀ, (ਯੂ. ਐੱਨ. ਆਈ.)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਕਿਹਾ ਕਿ ਦੇਸ਼ ’ਚ ਆਰਥਿਕ ਗੈਰ-ਬਰਾਬਰੀ ਨੇ 100 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਅਤੇ ਲੱਗਭਗ 100 ਕਰੋੜ ਲੋਕਾਂ ਕੋਲ ਆਪਣੀ ਜ਼ਰੂਰਤ ਤੋਂ ਇਲਾਵਾ ਕੁਝ ਵੀ ਖਰੀਦਣ ਲਈ ਪੈਸਾ ਨਹੀਂ ਹੈ। ਸਿੰਘ ਨੇ ਇਕ ਪੱਤਰਕਾਰ ਸੰਮੇਲਨ ’ਚ ਵੀਰਵਾਰ ਨੂੰ ਕਿਹਾ ਕਿ ਦੇਸ਼ ’ਚ ਆਰਥਿਕ ਗੈਰ-ਬਰਾਬਰੀ ਨੇ 100 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਦਾ ਮਤਲੱਬ 100 ਸਾਲ ਪਹਿਲਾਂ ਜਿੰਨੀ ਗੈਰ-ਬਰਾਬਰੀ ਸੀ, ਉਹੀ ਅੱਜ ਹੈ।
ਉਨ੍ਹਾਂ ਕਿਹਾ ਕਿ 100 ਕਰੋੜ ਲੋਕਾਂ ਕੋਲ ਆਪਣੀ ਜ਼ਰੂਰਤ ਤੋਂ ਇਲਾਵਾ ਕੁਝ ਵੀ ਖਰੀਦਣ ਲਈ ਪੈਸਾ ਨਹੀਂ ਹੈ। ਦੇਸ਼ ਦੀ ਅਰਥਵਿਵਸਥਾ ਇਸ ਸਥਿਤੀ ’ਚ ਹੈ ਪਰ ਸਰਕਾਰ ਵੱਲੋਂ ਕੋਈ ਵੀ ਇਕ ਸ਼ਬਦ ਬੋਲਣ ਨੂੰ ਤਿਆਰ ਨਹੀਂ ਹੈ। ਸਰਕਾਰ ਨੇ ਲੋਕਾਂ ਨੂੰ ਉਨ੍ਹਾਂ ਦੀ ਬਦਹਾਲੀ ’ਚ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗੱਲਾਂ ’ਤੇ ਦੇਸ਼ ਦੇ ਲੋਕਾਂ ਨੇ ਆਪਣਾ ਪੈਸਾ ਸ਼ੇਅਰ ਬਾਜ਼ਾਰ ’ਚ ਲਾਇਆ ਅਤੇ ਉਨ੍ਹਾਂ ਦਾ 94 ਲੱਖ ਕਰੋੜ ਰੁਪਇਆ ਡੁੱਬ ਗਿਆ। ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਦਾ ਪੈਸਾ ਡੁੱਬ ਗਿਆ ਪਰ ਪ੍ਰਧਾਨ ਮੰਤਰੀ ਕੁਝ ਨਹੀਂ ਬੋਲ ਰਹੇ ਹਨ।
ਪ੍ਰਧਾਨ ਮੰਤਰੀ ਨੇ ਆਪਣੇ ਕੁਝ ਦੋਸਤਾਂ ਦਾ 16 ਲੱਖ ਕਰੋੜ ਰੁਪਇਆ ਮੁਆਫ ਕੀਤਾ। ਇਹ ਦੇਸ਼ ਦੇ ਲੋਕਾਂ ਦਾ ਪੈਸਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਬੇ-ਫਜ਼ੂਲ ਟੈਕਸ ਲਾ ਕੇ ਲੋਕਾਂ ਤੋਂ ਪੈਸਾ ਵਸੂਲਦੀ ਹੈ ਅਤੇ ਆਪਣੇ ਦੋਸਤਾਂ ਦਾ ਕਰਜ਼ਾ ਮੁਆਫ ਕਰ ਦਿੰਦੀ ਹੈ। ‘ਆਪ’ ਨੇਤਾ ਨੇ ਕਿਹਾ ਕਿ ਅੱਜ ਵੇਲਾ ਇਸ ਦੇਸ਼ ਨੂੰ ਬਚਾਉਣ ਦਾ ਹੈ। ਵੇਲਾ ਡੁੱਬਦੀ ਹੋਈ ਅਰਥਵਿਵਸਥਾ ’ਤੇ ਸਵਾਲ ਚੁੱਕਣ ਦਾ ਹੈ।