ਹਵਾ ਪ੍ਰਦੂਸ਼ਣ ਤੋਂ ਦਿਲ ਦੇ ਦੌਰੇ ਨਾਲ ਮੌਤ ਦਾ ਖ਼ਤਰਾ ਵਧੇਰੇ: ਮਾਹਰ
Monday, Nov 13, 2023 - 01:24 PM (IST)
ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਦਮ ਘੋਟੂ ਹਵਾ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਦੀਵਾਲੀ ਤੋਂ ਬਾਅਦ ਹਵਾ ਪ੍ਰਦੂਸ਼ਣ ਮੁੜ ਗੰਭੀਰ ਸ਼੍ਰੇਣੀ ਵਿਚ ਪਹੁੰਚ ਗਿਆ ਹੈ, ਕਿਉਂਕਿ ਪਟਾਕਿਆਂ 'ਤੇ ਪਾਬੰਦੀ ਦੇ ਬਾਵਜੂਦ ਦਿੱਲੀ 'ਚ ਪਟਾਕੇ ਚਲਾਏ ਗਏ। ਇਸ ਦਰਮਿਆਨ ਇਕ ਹੋਰ ਖਬਰ ਚਿੰਤਾ ਵਿਚ ਪਾ ਸਕਦੀ ਹੈ। ਬੈਂਗਲੁਰੂ ਦੇ ਸਕਰਾ ਵਰਲਡ ਹਸਪਤਾਲ ਦੇ ਸੀਨੀਅਰ ਇੰਟਰਵੈਂਸ਼ਨਲ ਕਾਰਡੀਓਲੋਜਿਸਟ ਡਾ. ਦੀਪਕ ਕ੍ਰਿਸ਼ਨਮੂਰਤੀ ਨੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਪ੍ਰਦੂਸ਼ਿਤ ਹਵਾ ਦੇ ਸੰਪਰਕ 'ਚ ਰਹਿਣ ਨਾਲ ਦਿਲ ਦੇ ਦੌਰੇ ਕਾਰਨ ਮੌਤ ਦਾ ਵੀ ਖ਼ਤਰਾ ਵੱਧ ਸਕਦਾ ਹੈ।
ਡਾ. ਦੀਪਕ ਨੇ ਆਪਣੇ 'ਐਕਸ' ਅਕਾਊਂਟ ਤੋਂ ਪੋਸਟ ਕਰਦਿਆਂ ਲਿਖਿਆ ਕਿ ਹਵਾ ਪ੍ਰਦੂਸ਼ਣ ਦਿਲ ਸਬੰਧੀ ਘਟਨਾਵਾਂ ਲਈ ਇਕ ਮਹੱਤਵਪੂਰਨ ਅਤੇ ਘੱਟ ਮਾਨਤਾ ਪ੍ਰਾਪਤ ਜ਼ੋਖਮ ਫੈਕਟਰ ਹੈ। ਡਾ. ਦੀਪਕ ਨੇ ਅੱਗੇ ਲਿਖਿਆ ਕਿ PM2.5 ਦੇ ਹਾਵੀ ਰਹਿਣ ਕਾਰਨ ਐਂਡੋਥੇਲਿਅਲ ਡਿਸਫੰਕਸ਼ਨ ਨਾਲ ਧਮਕੀਆਂ ਵਿਚ ਖੂਨ ਦਾ ਹੌਲੀ ਪ੍ਰਵਾਹ ਹੁੰਦਾ ਹੈ। ਸੂਜਣ ਕਾਰਨ ਐਥੇਰੋਸਕਲੇਰੋਸਿਸ ਅਤੇ ਥ੍ਰੋਮਬਸ (ਥੱਕਾ ਬਣਨਾ) ਵਿਚ ਤੇਜ਼ੀ ਆਉਂਦੀ ਹੈ। ਇਸ ਗੱਲ 'ਤੇ ਧਿਆਨ ਦੇਣਾ ਜ਼ਰੂਰੀ ਹੈ ਕਿ ਵਧੇ ਹੋਏ PM2.5 ਪੱਧਰਾਂ ਦੇ ਸੰਪਰਕ ਵਿਚ ਆਉਣ ਨਾਲ ਵੀ ਦਿਲ ਦੇ ਦੌਰੇ ਕਾਰਨ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ। ਦਿੱਲੀ ਵਿਚ ਹਵਾ ਪ੍ਰਦੂਸ਼ਣ ਕਾਰਨ ਇਹ ਖ਼ਤਰਾ ਵੱਧ ਗਿਆ ਹੈ।
ਦਿਲ ਦੇ ਰੋਗ ਮਾਹਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਇਸ ਖ਼ਤਰੇ ਨੂੰ ਰੋਕਣ ਲਈ ਠੋਸ ਕਦਮ ਚੁੱਕੇ। ਡਾਕਟਰ ਨੇ ਇਨਫੋਗ੍ਰਾਫਿਕਸ ਸਾਂਝਾ ਕਰਦਿਆਂ ਦੱਸਿਆ ਕਿ ਦਿਲ ਦੇ ਰੋਗਾਂ ਤੋਂ ਹੋਣ ਵਾਲੀਆਂ 25 ਫ਼ੀਸਦੀ ਮੌਤਾਂ ਖ਼ਤਰਨਾਕ ਹਵਾ ਪ੍ਰਦੂਸ਼ਣ ਦੇ ਸੰਪਰਕ ਵਿਚ ਆਉਣ ਦਾ ਨਤੀਜਾ ਸੀ। ਸਿਸਟਮ ਆਫ਼ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਦੇ ਅੰਕੜਿਆਂ ਮੁਤਾਬਕ ਦਿੱਲੀ-ਐੱਨ. ਸੀ. ਆਰ. ਵਿਚ ਹਵਾ ਗੁਣਵੱਤਾ ਗੰਭੀਰ ਬਣੀ ਹੋਈ ਹੈ, ਜੋ ਕਿ ਸਿਹਤ ਲਈ ਬਹੁਤ ਖ਼ਤਰਨਾਕ ਹੈ।