ਕੋਰੋਨਾ ਦੌਰਾਨ ਜਾਨ ਗੁਆਉਣ ਵਾਲੇ ਯੋਧਿਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ
Saturday, Sep 28, 2024 - 05:04 PM (IST)
ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਜਾਨ ਗੁਆਉਣ ਵਾਲੇ 5 ਕੋਰੋਨਾ ਯੋਧਿਆਂ 'ਚੋਂ ਹਰੇਕ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਫਾਰਮਾਸਿਸਟ ਸੰਜੇ ਮਨਚੰਦਾ, ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਜੂਨੀਅਰ ਅਸਿਸਟੈਂਟ ਰਵੀ ਕੁਮਾਰ ਸਿੰਘ, ਸੈਨੀਟੇਸ਼ਨ ਵਰਕਰ ਵਰਿੰਦਰ ਕੁਮਾਰ, ਦਿੱਲੀ ਪੁਲਸ ਅਧਿਕਾਰੀ ਭਵਾਨੀ ਚੰਦਰ ਅਤੇ ਪ੍ਰਾਇਮਰੀ ਅਧਿਆਪਕ ਮੁਹੰਮਦ ਯਾਸੀਨ ਦੇ ਪਰਿਵਾਰ ਨੂੰ ਇਹ ਰਾਸ਼ੀ ਦਿੱਤੀ ਜਾਵੇਗੀ। ਮਹਾਮਾਰੀ ਦੌਰਾਨ ਆਪਣੇ ਕਰੱਤਵਾਂ ਦਾ ਪਾਲਣ ਕਰਦਿਆਂ ਸਾਰੇ 5 ਲੋਕਾਂ ਦੀ ਮੌਤ ਹੋ ਗਈ।
ਓਧਰ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਕਿ ਵਿੱਤੀ ਮੁਆਵਜ਼ਾ ਪਰਿਵਾਰਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦਾ ਪਰ ਉਨ੍ਹਾਂ ਨੂੰ ਸਨਮਾਨ ਨਾਲ ਜਿਊਣ 'ਚ ਮਦਦ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਕੋਰੋਨਾ ਯੋਧਿਆਂ ਨੇ ਮਹਾਮਾਰੀ ਦੌਰਾਨ ਮਨੁੱਖਤਾ ਅਤੇ ਸਮਾਜ ਦੀ ਰਾਖੀ ਕੀਤੀ ਅਤੇ ਆਪਣੇ ਬਾਰੇ ਸੋਚੇ ਬਿਨਾਂ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਦਿੱਲੀ ਸਰਕਾਰ ਉਨ੍ਹਾਂ ਦੀ ਭਾਵਨਾ ਦਾ ਸਨਮਾਨ ਕਰਦੀ ਹੈ।
ਆਤਿਸ਼ੀ ਨੇ ਅੱਗੇ ਕਿਹਾ ਕਿ ਸਰਕਾਰ ਹਮੇਸ਼ਾ ਇਨ੍ਹਾਂ ਕੋਰੋਨਾ ਯੋਧਿਆਂ ਦੇ ਪਰਿਵਾਰਾਂ ਦਾ ਸਮਰਥਨ ਕਰੇਗੀ। ਕੋਵਿਡ-19 ਮਹਾਮਾਰੀ ਸਾਰਿਆਂ ਲਈ ਇਕ ਗੰਭੀਰ ਸੰਕਟ ਸੀ। ਇਸ ਨੇ ਲੋਕਾਂ 'ਚ ਡਰ ਪੈਦਾ ਕੀਤਾ ਪਰ ਸਾਡੇ ਕੋਰੋਨਾ ਯੋਧਿਆਂ ਨੇ ਦਿੱਲੀ ਨੂੰ ਬਚਾਉਣ ਲਈ ਜ਼ੋਖਮ ਚੁੱਕਿਆ। ਹਜ਼ਾਰਾਂ ਕੋਰੋਨਾ ਯੋਧਿਆਂ, ਜਿਵੇਂ ਡਾਕਟਰ, ਮੈਡੀਕਲ ਸਟਾਫ਼, ਸਹਾਇਕ ਕਰਮੀ ਅਤੇ ਸਫਾਈ ਕਰਮੀਆਂ ਨੇ ਮਹਾਮਾਰੀ ਨਾਲ ਲੜਨ ਲਈ ਦਿਨ-ਰਾਤ ਕੰਮ ਕੀਤਾ। ਉਨ੍ਹਾਂ ਵਿਚੋਂ ਕਈਆਂ ਨੇ ਸੇਵਾ ਕਰਦਿਆਂ ਆਪਣੀ ਜਾਨ ਗੁਆ ਦਿੱਤੀ।