ਮਨੋਜ ਤਿਵਾੜੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
Sunday, Jun 23, 2019 - 12:54 PM (IST)

ਨਵੀਂ ਦਿੱਲੀ (ਭਾਸ਼ਾ)— ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੂੰ ਉਨ੍ਹਾਂ ਦੇ ਨਿੱਜੀ ਨੰਬਰ 'ਤੇ ਕਿਸੇ ਨੇ ਐੱਸ. ਐੱਮ. ਐੱਸ. ਜ਼ਰੀਏ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਐੱਸ. ਐੱਮ. ਐੱਸ. ਭੇਜਣ ਵਾਲੇ ਨੇ ਲਿਖਿਆ ਹੈ ਕਿ ਉਹ ਨੇਤਾ ਦੀ ਹੱਤਿਆ ਕਰਨ ਲਈ ਮਜਬੂਰ ਹੈ। ਤਿਵਾੜੀ ਨੇ ਕਿਹਾ ਕਿ ਇਸ ਅਗਿਆਤ ਵਿਅਕਤੀ ਨੇ ਲੋੜ ਪੈਣ 'ਤੇ ਪ੍ਰਧਾਨ ਮੰਤਰੀ ਦੀ ਹੱਤਿਆ ਕਰਨ ਦੀ ਗੱਲ ਵੀ ਆਖੀ ਹੈ। ਮਨੋਜ ਤਿਵਾੜੀ ਨੇ ਕਿਹਾ ਕਿ ਮੈਂ ਇਸ ਖਤਰੇ ਦੇ ਸੰਬੰਧ ਵਿਚ ਜਾਣਕਾਰੀ ਦੇ ਦਿੱਤੀ ਹੈ। ਹਿੰਦੀ ਵਿਚ ਭੇਜੇ ਗਏ ਇਸ ਐੱਸ. ਐੱਮ. ਐੱਸ. 'ਚ ਵਿਅਕਤੀ ਨੇ ਇਸ ਲਈ ਮੁਆਫ਼ੀ ਮੰਗੀ ਹੈ ਕਿ ਉਸ ਨੂੰ ਬੇਹੱਦ ਮਜਬੂਰੀ ਵਿਚ ਤਿਵਾੜੀ ਦੀ ਹੱਤਿਆ ਦਾ ਫੈਸਲਾ ਲੈਣਾ ਪਿਆ ਹੈ।
ਓਧਰ ਦਿੱਲੀ ਭਾਜਪਾ ਦੇ ਮੀਡੀਆ ਮੁਖੀ ਨੀਲਕਾਂਤ ਬਖਸ਼ੀ ਨੇ ਕਿਹਾ ਕਿ ਛੇਤੀ ਹੀ ਇਸ ਧਮਕੀ ਦੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਤਿਵਾੜੀ ਦੇ ਨਿੱਜੀ ਫੋਨ 'ਤੇ ਸ਼ੁੱਕਰਵਾਰ ਦੀ ਦੁਪਹਿਰ 12 ਵਜ ਕੇ 52 ਮਿੰਟ 'ਤੇ ਇਹ ਐੱਸ. ਐੱਮ. ਐੱਸ. ਆਇਆ। ਉਨ੍ਹਾਂ ਨੇ ਇਹ ਐੱਸ. ਐੱਮ. ਐੱਸ. ਸ਼ਨੀਵਾਰ ਦੀ ਸ਼ਾਮ ਨੂੰ ਦੇਖਿਆ ਅਤੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।