ਭਾਜਪਾ ਨੂੰ ਇਕ ਹੋਰ ਝਟਕਾ, ਹੁਣ ਇਹ ਨੇਤਾ ''ਆਪ'' ''ਚ ਹੋਇਆ ਸ਼ਾਮਲ
Monday, Nov 04, 2024 - 02:51 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਇਕ ਹੋਰ ਝਟਕਾ ਲੱਗਾ ਹੈ। ਪਾਰਟੀ ਦੇ ਨੇਤਾ ਅਤੇ ਸਾਬਕਾ ਨਗਰ ਕੌਂਸਲਰ ਬੀ.ਬੀ. ਤਿਆਗੀ ਸੋਮਵਾਰ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਬ੍ਰਹਮਾ ਸਿੰਘ ਤੰਵਰ ਨੇ ਪਿਛਲੇ ਹਫ਼ਤੇ ਪਾਰਟੀ ਛੱਡ ਕੇ 'ਆਪ' ਦਾ ਹੱਥ ਫੜ ਲਿਆ ਸੀ। 2 ਵਾਰ ਨਗਰ ਕੌਂਸਲਰ ਰਹਿ ਚੁੱਕੇ ਅਤੇ ਪੂਰਬੀ ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਪ੍ਰਧਾਨ ਤਿਆਗੀ ਨੇ 2015 'ਚ ਭਾਜਪਾ ਦੇ ਟਿਕਟ 'ਤੇ ਲਕਸ਼ਮੀ ਨਗਰ ਵਿਧਾਨ ਸਭਾ ਖੇਤਰ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ।
'ਆਪ' ਦੇ ਸੂਤਰਾਂ ਨੇ ਦਾਅਵਾ ਕੀਤਾ ਕਿ ਪਾਰਟੀ ਉਨ੍ਹਾਂ ਨੂੰ ਲਕਸ਼ਮੀ ਨਗਰ ਸੀਟ ਤੋਂ ਮੈਦਾਨ 'ਚ ਉਤਾਰ ਸਕਦੀ ਹੈ, ਜੋ ਮੌਜੂਦਾ ਸਮੇਂ ਭਾਜਪਾ ਕੋਲ ਹੈ। ਤਿਆਗੀ ਪਾਰਟੀ ਹੈੱਡ ਕੁਆਰਟਰ 'ਚ ਸੀਨੀਅਰ ਨੇਤਾ ਅਤੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਵਿਧਾਇਕ ਦੁਰਗੇਸ਼ ਪਾਠਕ ਦੀ ਮੌਜੂਦਗੀ 'ਚ 'ਆਪ' 'ਚ ਸ਼ਾਮਲ ਹੋਏ। ਤਿਆਗੀ ਦਾ 'ਆਪ' 'ਚ ਸਵਾਗਤ ਕਰਦੇ ਹੋਏ ਸਿਸੋਦੀਆ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਪਕੜ ਵਾਲੇ ਨੇਤਾ ਵਜੋਂ ਜਾਣਦੇ ਹਨ ਅਤੇ ਕਿਹਾ ਕਿ ਪਾਰਟੀ 'ਚ ਉਨ੍ਹਾਂ ਦਾ ਸਵਾਗਤ ਹੈ। ਤਿਆਗੀ ਨੇ ਕਿਹਾ ਕਿ ਉਹ ਸਿੱਖਿਆ, ਸਿਹਤ, ਪਾਣੀ ਅਤੇ ਬਿਜਲੀ ਦੀ ਸਪਲਾਈ ਦੇ ਖੇਤਰ 'ਚ 'ਆਪ' ਦੇ ਕੰਮ ਤੋਂ ਪ੍ਰਭਾਵਿਤ ਹਨ ਅਤੇ ਜੇਕਰ ਕੋਈ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਇਹ ਸਭ ਤੋਂ ਚੰਗੀ ਪਾਰਟੀ ਹੈ। ਦਿੱਲੀ 'ਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਫਰਵਰੀ 'ਚ ਹੋਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8