ਕੀ ਇਸ ਵਾਰ ਚੱਲੇਗਾ ਕੇਜਰੀਵਾਲ ਦਾ 'ਝਾੜੂ', ਜਾਣੋ ਕੀ ਕਹਿੰਦੇ ਨੇ ਰਾਜਨੀਤਕ ਪੰਡਤ

01/12/2020 3:33:44 PM

ਨਵੀਂ ਦਿੱਲੀ (ਵਾਰਤਾ)— ਅਗਲੇ ਮਹੀਨੇ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਆਪਣਾ ਸਭ ਤੋਂ ਮਜ਼ਬੂਤ ਕਿੱਲਾ ਬਚਾਉਣ ਦੀ ਚੁਣੌਤੀ ਹੈ। ਪਿਛਲੀਆਂ ਚੋਣਾਂ 'ਚ ਦਿੱਲੀ ਵਿਧਾਨ ਸਭਾ ਦੀਆਂ 70 'ਚੋਂ 67 ਸੀਟਾਂ ਜਿੱਤਣ ਵਾਲੇ ਕੇਜਰੀਵਾਲ ਦਾ ਜਾਦੂ ਇਸ ਵਾਰ ਚਲੇਗਾ ਜਾਂ ਨਹੀਂ ਇਸ 'ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਹਨ। ਕੇਜਰੀਵਾਲ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਕੀਤੇ ਗਏ ਕੰਮਾਂ ਨੂੰ ਗਿਣਾਉਂਦੇ ਹੋਏ ਇਸ ਵਾਰ ਵੀ ਪੂਰੇ ਆਤਮ ਵਿਸ਼ਵਾਸ ਵਿਚ ਹਨ, ਜਦਕਿ ਰਾਜਨੀਤਕ ਪੰਡਤਾਂ ਦਾ ਮੰਨਣਾ ਹੈ ਕਿ ਕੇਜਰੀਵਾਲ ਲਈ ਪਿਛਲਾ ਕਰਿਸ਼ਮਾ ਦੋਹਰਾਉਣਾ ਮੁਸ਼ਕਲ ਨਜ਼ਰ ਆ ਰਿਹਾ ਹੈ। 

ਸਾਲ 2013 ਦੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਕੁਝ ਸਮੇਂ ਪਹਿਲਾਂ ਹੀ 'ਆਪ' ਦਾ ਗਠਨ ਹੋਇਆ ਸੀ ਅਤੇ ਉਸ ਚੋਣਾਂ 'ਚ ਦਿੱਲੀ 'ਚ ਪਹਿਲੀ ਵਾਰ ਤ੍ਰਿਕੋਣਾ ਸੰਘਰਸ਼ ਹੋਇਆ, ਜਿਸ 'ਚ 15 ਸਾਲਾਂ ਤੋਂ ਸੱਤਾ 'ਤੇ ਕਾਬਜ਼ ਕਾਂਗਰਸ 70 'ਚੋਂ ਸਿਰਫ 8 ਸੀਟਾਂ ਹੀ ਜਿੱਤ ਸਕੀ, ਜਦਕਿ ਭਾਜਪਾ ਸਰਕਾਰ ਬਣਾਉਣ ਤੋਂ ਸਿਰਫ 4 ਕਦਮ ਦੂਰ ਯਾਨੀ ਕਿ 32 ਸੀਟਾਂ 'ਤੇ ਅਟਕ ਗਈ। 'ਆਪ' ਨੂੰ 28 ਸੀਟਾਂ ਮਿਲੀਆਂ ਅਤੇ ਬਾਕੀ ਦੋ ਹੋਰ ਦੇ ਖਾਤੇ ਵਿਚ ਰਹੀਆਂ। ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣ ਦੀ ਕੋਸ਼ਿਸ਼ 'ਚ ਕਾਂਗਰਸ ਨੇ 'ਆਪ' ਨੂੰ ਸਮਰਥਨ ਦਿੱਤਾ ਅਤੇ ਕੇਜਰੀਵਾਲ ਨੇ ਸਰਕਾਰ ਬਣਾਈ। ਲੋਕਪਾਲ ਨੂੰ ਲੈ ਕੇ ਦੋਵੇਂ ਪਾਰਟੀਆਂ ਵਿਚਾਲੇ ਖਿੱਚੋਤਾਣ ਵਾਲਾ ਮਾਹੌਲ ਬਣ ਗਿਆ ਅਤੇ ਕੇਜਰੀਵਾਲ ਨੇ ਮਹਿਜ 49 ਦਿਨ ਪੁਰਾਣੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ। 

ਇਸ ਤੋਂ ਬਾਅਦ ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਲੱਗਾ ਅਤੇ ਫਰਵਰੀ 2015 'ਚ 'ਆਪ' ਨੇ ਸਾਰੇ ਰਾਜਨੀਤਕ ਪੰਡਤਾਂ ਦੇ ਅਨੁਮਾਨਾਂ ਨੂੰ ਗਲਤ ਸਾਬਤ ਕਰਦੇ ਹੋਏ 70 'ਚੋਂ 67 ਸੀਟਾਂ ਜਿੱਤੀਆਂ। ਭਾਜਪਾ 3 ਸੀਟਾਂ 'ਤੇ ਸਿਮਟ ਗਈ, ਜਦਕਿ ਕਾਂਗਰਸ ਦੀ ਝੋਲੀ ਪੂਰੀ ਤਰ੍ਹਾਂ ਖਾਲੀ ਰਹਿ ਗਈ। ਦਿੱਲੀ 'ਚ 2015 'ਚ 'ਆਪ' ਨੂੰ ਮਿਲੀ ਭਾਰੀ ਜਿੱਤ ਦੇ ਸਮੇਂ ਕੇਜਰੀਵਾਲ ਨਾਲ ਕਈ ਦਿੱਗਜ਼ ਨੇਤਾ ਸਨ ਪਰ ਸੱਤਾ 'ਚ ਆਉਣ ਤੋਂ ਬਾਅਦ ਉਹ ਇਕ-ਇਕ ਕਰ ਕੇ ਕਿਨਾਰੇ ਕਰ ਦਿੱਤੇ ਗਏ। ਇਨ੍ਹਾਂ 'ਚ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ ਅਤੇ ਆਨੰਦ ਕੁਮਾਰ ਪ੍ਰਮੁੱਖ ਸਨ। ਪਾਰਟੀ ਦੇ ਇਕ ਹੋਰ ਪ੍ਰਮੁੱਖ ਚਿਹਰਾ ਕੁਮਾਰ ਵਿਸ਼ਵਾਸ ਪਾਰਟੀ ਵਿਚ ਹਨ ਤਾਂ ਇਕ ਤਰ੍ਹਾਂ ਨਾਲ ਬਨਵਾਸ ਹੀ ਭੁਗਤ ਰਹੇ ਹਨ। ਕੇਜਰੀਵਾਲ ਦੀ ਪਾਰਟੀ ਵਿਚ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਛੱਡ ਦਿੱਤਾ ਜਾਵੇ ਤਾਂ ਅਜਿਹਾ ਕੋਈ ਨੇਤਾ ਨਹੀਂ ਹੈ, ਜਿਸ ਦੀ ਪੂਰੀ ਦਿੱਲੀ 'ਤੇ ਮਜ਼ਬੂਤ ਪਕੜ ਨਜ਼ਰ ਆਉਂਦੀ ਹੋਵੇ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ 'ਚ ਆਪਣੀ ਪਾਰਟੀ ਨੂੰ ਜਿੱਤ ਦਿਵਾਉਣ ਦਾ ਭਾਰ ਪੂਰੀ ਤਰ੍ਹਾਂ ਕੇਜਰੀਵਾਲ ਦੇ ਮੋਢਿਆਂ 'ਤੇ ਹੀ ਹੈ। ਰਾਜਨੀਤਕ ਪੰਡਤਾਂ ਦਾ ਮੰਨਣਾ ਹੈ ਕਿ ਜੇਕਰ ਕਾਂਗਰਸ ਦੇ ਵੋਟ ਫੀਸਦੀ ਵਿਚ ਚੰਗਾ ਇਜਾਫਾ ਹੁੰਦਾ ਹੈ ਤਾਂ ਕੇਜਰੀਵਾਲ ਲਈ ਮੁਸ਼ਕਲਾਂ ਵਧ ਸਕੀਆਂ ਹਨ। 


Tanu

Content Editor

Related News