ਦਿੱਲੀ ''ਚ ਵੱਜਿਆ ਚੋਣ ਬਿਗੁਲ, ਦਿਲਚਸਪ ਹੋਵੇਗਾ ਮੁਕਾਬਲਾ

01/06/2020 6:39:55 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਚੋਣ ਕਮਿਸ਼ਨ ਵਲੋਂ ਅੱਜ ਕਰ ਦਿੱਤਾ ਗਿਆ ਹੈ। ਮੁੱਖ ਚੋਣ ਕਮਿਸ਼ਨ ਵਲੋਂ ਅੱਜ ਦੁਪਹਿਰ ਪ੍ਰੈੱਸ ਕਾਨਫਰੰਸ ਕਰ ਕੇ ਇਸ ਦਾ ਐਲਾਨ ਕੀਤਾ ਗਿਆ। ਚੋਣ ਕਮਿਸ਼ਨ ਸੁਨੀਲ ਅਰੋੜਾ ਨੇ ਕਿਹਾ ਕਿ ਦਿੱਲੀ 'ਚ 8 ਫਰਵਰੀ ਨੂੰ ਚੋਣਾਂ ਹੋਣਗੀਆਂ ਅਤੇ 11 ਨੂੰ ਨਤੀਜੇ ਐਲਾਨੇ ਜਾਣਗੇ। ਤਰੀਕਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤਾ ਲਾਗੂ ਕਰ ਦਿੱਤੀ ਗਈ ਹੈ। ਦਿੱਲੀ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖ ਗਿਆ ਹੈ। ਇਸ ਵਾਰ ਦਿੱਲੀ 'ਚ ਸੱਤਾ ਦੀ ਚਾਬੀ ਕਿਸ ਦੇ ਹੱਥ ਜਾਂਦੀ ਹੈ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ। ਦਿੱਲੀ 'ਚ 70 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਣਗੀਆਂ। ਇੱਥੇ ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਦਾ ਕਾਰਜਕਾਲ 22 ਫਰਵਰੀ 2020 ਨੂੰ ਖਤਮ ਹੋ ਰਿਹਾ ਹੈ। ਇਸ ਵਾਰ ਦਿੱਲੀ 'ਚ ਕੁੱਲ 1.46 ਕਰੋੜ ਲੋਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ।

ਕੁੱਲ ਵੋਟਰ 1,46,92,136
ਪੁਰਸ਼ ਵੋਟਰ 80,55,686
ਮਹਿਲਾ ਵੋਟਰ 66,35,635
ਥਰਡ ਜੈਂਡਰ 815
NRI ਵੋਟਰ 489

ਜੇਕਰ ਦਿੱਲੀ 'ਚ ਪਿਛਲੀ ਵਾਰ ਦੀਆਂ ਚੋਣਾਂ ਯਾਨੀ ਕਿ 2015 ਦੇ ਨਤੀਜੇ ਦੇਖੇ ਜਾਣ ਤਾਂ ਆਮ ਆਦਮੀ ਪਾਰਟੀ (ਆਪ) ਨੇ ਇਤਿਹਾਸਕ ਜਿੱਤ ਦਰਜ ਕੀਤੀ ਸੀ। 'ਆਪ' ਪਾਰਟੀ ਨੇ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ 70 'ਚੋਂ 67 ਸੀਟਾਂ ਜਿੱਤੀਆਂ ਸਨ, ਜਦਕਿ ਕਿ ਭਾਜਪਾ ਨੂੰ 3 ਸੀਟਾਂ ਮਿਲੀਆਂ ਸਨ। ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ ਸਕੀ ਸੀ। 

ਆਓ ਮਾਰਦੇ ਹਾਂ ਇਕ ਝਾਤ ਦਿੱਲੀ ਵਿਧਾਨ ਸਭਾ ਚੋਣਾਂ 2015 ਦੇ ਨਤੀਜਿਆਂ 'ਤੇ—

ਪਾਰਟੀ ਸੀਟ ਵੋਟ ਸ਼ੇਅਰ
ਆਪ 70 54.3%
ਭਾਜਪਾ 03 32.3%
ਕਾਂਗਰਸ 00 9.7%


ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ—

ਪਾਰਟੀ ਸੀਟ ਵੋਟ ਸ਼ੇਅਰ
ਭਾਜਪਾ 7 56.5%
ਆਪ 0 18.1%
ਕਾਂਗਰਸ 0 22.5%

ਆਮ ਆਦਮੀ ਪਾਰਟੀ ਪਿਛਲੀ ਚੋਣਾਂ ਬੰਪਰ ਵੋਟਾਂ ਨਾਲ ਜਿੱਤੀ ਸੀ। ਇਸ ਵਾਰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਮਣੇ ਸੱਤਾ ਨੂੰ ਬਚਾ ਕੇ ਰੱਖਣ ਦੀ ਚੁਣੌਤੀ ਹੈ। ਉਹ ਆਪਣੇ 5 ਸਾਲ ਦੇ ਕੰਮਕਾਜ ਨੂੰ ਲੈ ਕੇ ਚੋਣ ਮੈਦਾਨ 'ਚ ਉਤਰੇ ਹਨ, ਜਿਸ 'ਚ ਮੁਫ਼ਤ ਬਿਜਲੀ-ਪਾਣੀ, ਮੁਹੱਲਾ ਕਲੀਨਿਕ ਨੂੰ ਮੋਹਰੇ ਰੱਖ ਕੇ ਇਕ ਵਾਰ ਫਿਰ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਭਾਜਪਾ ਪਾਰਟੀ ਜੋ ਕਿ 2019 'ਚ ਮੁੜ ਚੋਣਾਂ ਜਿੱਤ ਕੇ ਸੱਤਾ 'ਚ ਆਈ। ਪਾਰਟੀ ਨੂੰ ਉਮੀਦ ਹੈ ਕਿ ਇਸ ਵਾਰ ਦਿੱਲੀ 'ਚ ਮੋਦੀ ਦਾ ਜਾਦੂ ਚੱਲੇਗਾ। ਮੋਦੀ ਸਰਕਾਰ ਨੇ ਕੁਝ ਅਹਿਮ ਫੈਸਲੇ ਲਏ, ਜਿਨ੍ਹਾਂ 'ਚ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣਾ, ਅਯੁੱਧਿਆ 'ਚ ਰਾਮ ਮੰਦਰ ਦਾ ਮੁੱਦਾ, ਨਾਗਰਿਕਤਾ ਸੋਧ ਬਿੱਲ ਪਾਸ ਕਰਾਉਣਾ ਆਦਿ। ਹਾਲਾਂਕਿ ਭਾਜਪਾ ਕੋਲ ਮੁੱਖ ਮੰਤਰੀ ਅਹੁਦੇ ਲਈ ਕੋਈ ਉਮੀਦਵਾਰ ਨਹੀਂ ਹੈ, ਜੋ ਕਿ ਪਾਰਟੀ ਲਈ ਹਾਨੀਕਾਰਕ ਹੋ ਸਕਦਾ ਹੈ। 
ਜੇਕਰ ਗੱਲ ਕਾਂਗਰਸ ਦੀ ਕੀਤੀ ਜਾਵੇ ਤਾਂ ਕਾਂਗਰਸ ਨੇ 2015 ਦੀਆਂ ਚੋਣਾਂ 'ਚ ਖਾਤਾ ਵੀ ਨਹੀਂ ਖੋਲ੍ਹਿਆ ਸੀ। ਇਸ ਵਾਰ ਦੀਆਂ ਚੋਣਾਂ 'ਚ ਕਾਂਗਰਸ ਦੀ ਕੋਸ਼ਿਸ਼ ਹੋਵੇਗੀ ਕਿ ਉਹ ਸੀਟਾਂ ਜਿੱਤੇ। ਕੇਜਰੀਵਾਲ ਤੋਂ ਪਹਿਲਾਂ ਦਿੱਲੀ ਦੀ ਸੱਤਾਂ 'ਤੇ ਕਾਂਗਰਸ ਦੀ ਸੀਨੀਅਰ ਅਤੇ ਮਰਹੂਮ ਨੇਤਾ ਸ਼ੀਲਾ ਦੀਕਸ਼ਤ ਨੇ 15 ਸਾਲ ਦਿੱਲੀ ਦੀ ਵਾਗਡੋਰ ਸੰਭਾਲੀ। ਦਿੱਲੀ ਵਿਚ ਸ਼ੀਲਾ ਨੇ ਬਹੁਤ ਵਿਕਾਸ ਕੀਤਾ ਸੀ ਅਤੇ ਦਿੱਲੀ ਦੀ ਤਸਵੀਰ ਬਦਲ ਦਿੱਤੀ ਸੀ। ਦਿੱਲੀ ਦੀਆਂ ਚੋਣਾਂ ਕਾਂਗਰਸ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹਨ, ਕਿਉਂਕਿ ਰਾਹੁਲ ਗਾਂਧੀ ਨੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਤ੍ਰਿਕੋਣੇ ਮੁਕਾਬਲੇ 'ਚ ਕਿਹੜੀ ਪਾਰਟੀ ਆਪਣਾ ਦਮ-ਖਮ ਦਿਖਾਉਂਦੀ ਹੈ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।


Tanu

Content Editor

Related News