ਕੇਜਰੀਵਾਲ, ਸਿਸੋਦੀਆ ਨੇ ਦਿੱਲੀ ਵਿਧਾਨ ਸਭਾ ਦੀ ਮੈਂਬਰਤਾ ਦੀ ਸਹੁੰ ਚੁਕੀ

02/24/2020 2:13:52 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਦਾ ਤਿੰਨ ਦਿਨ ਦਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ, ਜਿਸ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰ ਨਵੇਂ ਚੁਣੇ ਵਿਧਾਇਕਾਂ ਨੇ ਮੈਂਬਰਾਂ ਵਜੋਂ ਸਹੁੰ ਚੁਕੀ। ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਤੀਜੀ ਵਾਰ ਦਿੱਲੀ 'ਚ ਸਰਕਾਰ ਬਣਾਈ ਹੈ ਅਤੇ ਚੋਣਾਂ ਤੋਂ ਬਾਅਦ ਇਹ ਪਹਿਲਾ ਸੈਸ਼ਨ ਹੈ। ਵਾਤਾਵਰਣ ਮੰਤਰੀ ਗੋਪਾਲ ਰਾਏ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਵੀ ਸਹੁੰ ਚੁਕੀ। ਗ੍ਰੇਟਰ ਕੈਲਾਸ਼ ਤੋਂ ਵਿਧਾਇਕ ਸੌਰਭ ਭਾਰਦਵਾਜ ਨੇ 'ਬਜਰੰਗ ਬਲੀ ਹਨੂੰਮਾਨ' ਦੇ ਨਾਂ 'ਤੇ ਸਹੁੰ ਚੁਕੀ ਅਤੇ ਸਹੁੰ ਚੁੱਕਣ ਤੋਂ ਬਾਅਦ 'ਜੈ ਹਨੂੰਮਾਨ' ਦਾ ਨਾਅਰਾ ਲਗਾਇਆ।

ਰਵਾਇਤੀ ਕੱਪੜੇ ਪਾ ਕੇ ਆਏ ਬੁਰਾੜੀ ਤੋਂ ਵਿਧਾਇਕ ਸੰਜੀਵ ਝਾਅ ਨੇ ਮੈਥਿਲੀ ਭਾਸ਼ਾ 'ਚ ਸਹੁੰ ਚੁਕੀ। ਅਸਥਾਈ ਵਿਧਾਨ ਸਭਾ ਸਪੀਕਰ ਨਿਯੁਕਤ ਕੀਤੇ ਗਏ ਮਟਿਆ ਮਹਿਲ ਦੇ ਵਿਧਾਇਕ ਸ਼ੋਇਬ ਇਕਬਾਲ ਨੇ ਸਹੁੰ ਚੁੱਕ ਦੀ ਕਾਰਵਾਈ ਦਾ ਸੰਚਾਲਨ ਕੀਤਾ। ਅੱਜ ਬਾਅਦ 'ਚ ਨਵੇਂ ਵਿਧਾਨ ਸਭਾ ਸਪੀਕਰ ਦੀ ਚੋਣ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਅੱਜ ਯਾਨੀ ਸੋਮਵਾਰ ਨੂੰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ ਬਦਰਪੁਰ ਤੋਂ ਭਾਜਪਾ ਵਿਧਾਇਕ ਰਾਮਵੀਰ ਸਿੰਘ ਬਿਥੂੜੀ ਸਹੁੰ ਚੁਕਾਉਣ ਤੋਂ ਬਾਅਦ ਇਕਬਾਲ ਨਾਲ ਗਲੇ ਮਿਲੇ। ਬਿਥੂੜੀ ਅਤੇ ਇਕਬਾਲ ਸਭ ਤੋਂ ਪਹਿਲੇ ਦਿੱਲੀ ਵਿਧਾਨ ਸਭਾ 'ਚ 1993 'ਚ ਚੁਣ ਕੇ ਆਏ ਸਨ।


DIsha

Content Editor

Related News