ਕੇਜਰੀਵਾਲ ਨੇ ਵੈਕਸੀਨ ਦਾ ਫਾਰਮੂਲਾ ਜਨਤਕ ਕਰਨ ਦੀ ਕੀਤੀ ਮੰਗ, ਕਿਹਾ- ਦੂਜੀਆਂ ਕੰਪਨੀਆਂ ਵੀ ਬਣਾਉਣ ਟੀਕਾ
Tuesday, May 11, 2021 - 04:00 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕੇਂਦਰ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਦੇਸ਼ 'ਚ ਟੀਕਾ ਨਿਰਮਾਣ ਵਧਾਉਣ ਲਈ ਕੋਵਿਡ ਰੋਕੂ ਟੀਕੇ ਦਾ ਨਿਰਮਾਣ ਕਰ ਰਹੀਆਂ 2 ਕੰਪਨੀਆਂ ਦਾ 'ਫਾਰਮੂਲਾ' ਦੂਜੀਆਂ ਕੰਪਨੀਆਂ ਨਾਲ ਸਾਂਝਾ ਕਰੇ। ਕੇਜਰੀਵਾਲ ਨੇ ਕਿਹਾ ਕਿ ਦੇਸ਼ 'ਚ ਟੀਕਿਆਂ ਦੀ ਘਾਟ ਹੈ ਅਤੇ ਯੁੱਧ ਪੱਧਰ 'ਤੇ ਟੀਕੇ ਦਾ ਨਿਰਮਾਣ ਵਧਾਉਣ ਦੀ ਜ਼ਰੂਰਤ ਹੈ। ਅਗਲੇ ਕੁਝ ਮਹੀਨਿਆਂ 'ਚ ਸਾਰਿਆਂ ਨੂੰ ਟੀਕਾ ਲਗਾਏ ਜਾਣ ਦੀ ਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਟੀਕੇ ਦੇ ਨਿਰਮਾਣ 'ਚ ਸਮਰੱਥ ਸਾਰੇ ਪਲਾਂਟ 'ਚ ਇਸ ਦਾ ਨਿਰਮਾਣ ਹੋਵੇ। ਕੇਜਰੀਵਾਲ ਨੇ ਕਿਹਾ ਕਿ ਕੋਵਿਡ ਰੋਕੂ ਟੀਕਾ ਬਣਾਉਣ ਵਾਲੀਆਂ ਮੂਲ 2 ਕੰਪਨੀਆਂ ਨੂੰ ਉਨ੍ਹਾਂ ਦਾ 'ਫਾਰਮੂਲਾ' ਦੂਜੀਆਂ ਕੰਪਨੀਆਂ ਵਲੋਂ ਇਸਤੇਮਾਲ ਕੀਤੇ ਜਾਣ ਲਈ 'ਰਾਇਲਟੀ' ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਅਗਲੀ ਲਹਿਰ ਆਉਣ ਤੋਂ ਪਹਿਲਾਂ ਸਾਰਿਆਂ ਨੂੰ ਟੀਕਾ ਲਗਾਉਣ ਲਈ ਟੀਕੇ ਦਾ ਨਿਰਮਾਣ ਵਧਾਉਣ ਦੀ ਜ਼ਰੂਰਤ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਸਿਰਫ਼ 2 ਕੰਪਨੀਆਂ ਹੀ ਟੀਕੇ ਦਾ ਉਤਪਾਦਨ ਕਰ ਰਹੀਆਂ ਹਨ। ਉਹ ਇਕ ਮਹੀਨੇ 'ਚ ਸਿਰਫ਼ 6-7 ਕਰੋੜ ਵੈਕਸੀਨ ਦਾ ਉਤਪਾਦਨ ਕਰ ਰਹੀਆਂ ਹਨ। ਇਸ ਤਰ੍ਹਾਂ ਹਰ ਕਿਸੇ ਨੂੰ ਟੀਕਾ ਲਗਾਉਣ ਲਈ 2 ਸਾਲ ਤੋਂ ਵੱਧ ਦਾ ਸਮਾਂ ਲੱਗੇਗਾ। ਉਦੋਂ ਤੱਕ ਕਈ ਲਹਿਰਾਂ ਆ ਚੁਕੀਆਂ ਹੋਣਗੀਆਂ। ਯੁੱਧ ਪੱਧਰ 'ਤੇ ਵੈਕਸੀਨ ਦਾ ਉਤਪਾਦਨ ਵਧਾਉਣਾ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ